ਨੂਰਪੁਰਬੇਦੀ ਸਕੂਲ ਸੀਸੀਆਰਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਰਕਸ਼ਾਪ ਕਰਵਾਈ ਨੂਰਪੁਰਬੇਦੀ ਸਕੂਲ ਸੀਸੀਆਰਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਰਕਸ਼ਾਪ ਆਯੋਜਿਤ
Publish Date: Fri, 30 Oct 2026 05:04 PM (IST)
Updated Date: Fri, 30 Oct 2026 05:07 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪੀ.ਐੱਮ ਸ਼੍ਰੀ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰਬੇਦੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਲੈ ਕੇ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲਾ ਦੀ ਸੰਸਥਾ ਸੀਸੀਆਰਟੀ ਨਵੀਂ ਦਿੱਲੀ ਰਾਹੀਂ ਆਪਣੇ ਜ਼ਿਲ੍ਹਾ ਰਿਸੋਰਸ ਪਰਸਨ ਹਰਦੀਪ ਸਿੰਘ ਦੀ ਅਗਵਾਈ ਵਿਚ ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਦੇ ਸਹਿਯੋਗ ਨਾਲ ਲਗਾਈ ਗਈ। ਇਸ ਵਰਕਸ਼ਾਪ ਵਿਚ ਸਕੂਲ ਦੇ ਕਰੀਬ 300 ਵਿਦਿਆਰਥੀਆਂ ਨੇ ਵੱਖ ਵੱਖ ਪੇਂਟਿੰਗ ਮੁਕਾਬਲਿਆਂ, ਕੁਇਜ਼ ਮੁਕਾਬਲਿਆਂ ਅਤੇ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲਿਆ। ਵਰਕਸ਼ਾਪ ਦੌਰਾਨ ਕਰਵਾਏ ਸੈਮੀਨਾਰ ਨੂੰ ਰਿਸੋਰਸ ਪਰਸਨ ਭਾਈ ਸਤਨਾਮ ਸਿੰਘ ਰੋਪੜ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਫਿਲਾਸਫੀ ’ਤੇ ਸ਼ਹੀਦੀ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨਵਤਾ ਦੀ ਭਲਾਈ ਅਤੇ ਮਨੁੱਖੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ। ਲੈਕਚਰਾਰ ਦਰਸ਼ਨ ਸਿੰਘ ’ਤੇ ਮਾ ਅਰਜਨ ਸਿੰਘ ਵੱਲੋਂ ਗੁਰੂ ਜੀ ਦੇ ਜੀਵਨ ਫਲਸਫੇ ਦੀ ਮਹੱਤਤਾ ਦੱਸੀ। ਪ੍ਰਿੰਸੀਪਲ ਅਨਿਲ ਕੁਮਾਰ ਨੇ ਸੀਸੀਆਰਟੀ ਵੱਲੋਂ ਸਕੂਲ ਵਿਚ ਗੁਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਰਕਸ਼ਾਪ ਕਰਵਾਉਣ ਲਈ ਧੰਨਵਾਦ ਕੀਤਾ ਅਤੇ ਗੁਰੂ ਜੀ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਵਰਕਸ਼ਾਪ ਦੇ ਆਗਾਜ਼ ਮੌਕੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਮਾਣਯੋਗ ਸਕੱਤਰ ਸਾਹਿਬ ਦਾ ਸੰਦੇਸ਼ ਵੀ ਸਕਰੀਨ ’ਤੇ ਸੁਣਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਸੀਸੀਆਰਟੀ ਦੇ ਡੀਆਰਪੀ ਹਰਦੀਪ ਸਿੰਘ ਨੇ ਕਿਹਾ ਕਿ ਮਨਿਸਟਰੀ ਆਫ ਕਲਚਰ ਦੀ ਸੰਸਥਾ ਸੈਂਟਰ ਫਾਰ ਕਲਚਰਲ ਰਿਸੋਰਸਜ਼ ਵੱਲੋਂ ਡਾਇਰੈਕਟਰ ਪੁਪੰਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਰਾਹੁਲ ਕੁਮਾਰ ਦੀ ਅਗਵਾਈ ਵਿਚ ਦੇਸ਼ ਭਰ ਵਿਚ ਦੇ 250 ਸਕੂਲਾਂ ਵਿਚ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਗੁਰੂ ਜੀ ਦੇ ਜੀਵਨ ਅਤੇ ਸ਼ਹੀਦੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਨੂੰ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਦੇਖਿਆ। ਪੇਂਟਿੰਗ ਮੁਕਾਬਲਿਆਂ ਵਿਚ ਮਨੀਸ਼ ਕੁਮਾਰ, ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਲੜੀਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਭਾਸ਼ਣ ਮੁਕਾਬਲੇ ਵਿੱਚ ਹਰਪ੍ਰੀਤ ਕੌਰ, ਅਰਸ਼ਵੀਰ ਸਿੰਘ ਤੇ ਵੰਸ਼ਿਕਾ ਨੇ ਪਹਿਲੇ ਤਿੰਨ ਸਥਾਨ ਜਿੱਤੇ। ਕੁਇਜ਼ ਮੁਕਾਬਲੇ ਵਿੱਚ ਚੰਦਨ ਸ਼ਰਮਾ, ਤਾਣਵੀ ’ਤੇ ਨਵਜੋਤ ਕੌਰ ਦੀ ਟੀਮ ਨੇ ਪਹਿਲਾ ਅਤੇ ਰੋਹਿਤ, ਸਰਬਜੋਤ ਸਿੰਘ, ਸੰਦੀਪ ਕੁਮਾਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਭਾਈ ਸਤਨਾਮ ਸਿੰਘ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਜਦਕਿ ਅੱਵਲ ਆਏ ਵਿਦਿਆਰਥੀਆਂ ਅਤੇ ਮੁਕਾਬਲੇ ਕਰਵਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕ. ਦਰਸ਼ਨ ਸਿੰਘ ਨੇ ਬਾਖੂਬੀ ਨਿਭਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਵਰਕਸ਼ਾਪ ਨੂੰ ਸਫਲ ਬਣਾਉਣ ਲਈ ਲੈਕ. ਅਸ਼ਵਨੀ ਕੁਮਾਰ, ਮਾ. ਅਰਜਨ ਸਿੰਘ, ਨੀਰਜ, ਜਸਵੰਤ ਕੌਰ, ਗੁਰਿੰਦਰ ਕੌਰ, ਧਰਮਿੰਦਰ ਕੁਮਾਰ, ਰਮਨ ਕੁਮਾਰ ਅਤੇ ਰਜਨੀ ਬਾਲਾ ਨੇ ਸਹਿਯੋਗ ਦਿੱਤਾ।