ਬਰਿੰਦਰ ਢਿੱਲੋਂ ਖ਼ਿਲਾਫ਼ ਦਲਿਤ ਸਮਾਜ ਦਾ ਰੋਸ ਭੜਕਿਆ ਬਰਿੰਦਰ ਢਿੱਲੋਂ ਖ਼ਿਲਾਫ਼ ਦਲਿਤ ਸਮਾਜ ਦਾ ਰੋਸ ਭੜਕਿਆ
Publish Date: Fri, 30 Oct 2026 04:04 PM (IST)
Updated Date: Fri, 30 Oct 2026 04:07 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਕਾਂਗਰਸੀ ਆਗੂ ਬਰਿੰਦਰ ਢਿੱਲੋਂ ਅਤੇ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਕਾਰ ਕਾਂਗਰਸ ਭਵਨ ਵਿਖੇ ਹੋਏ ਵਿਵਾਦ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਰਣਜੀਤ ਸਿੰਘ ਨਾਲ ਕਥਿਤ ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਲੱਗੇ ਦੋਸ਼ਾਂ ਦੇ ਵਿਰੋਧ ਵਿੱਚ ਅੱਜ ਨੂਰਪੁਰਬੇਦੀ ਵਿਖੇ ਦਲਿਤ ਸਮਾਜ ਨਾਲ ਸਬੰਧਿਤ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਰਿੰਦਰ ਢਿੱਲੋਂ ਦਾ ਪੁਤਲਾ ਫੂਕਦਿਆਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਥਾਨਕ ਰੈਸਟ ਹਾਊਸ ਤੋਂ ਰੋਸ ਮਾਰਚ ਸ਼ੁਰੂ ਕੀਤਾ, ਜੋ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਪਹੁੰਚਿਆ। ਇੱਥੇ ਇਕੱਠੇ ਹੋਏ ਦਲਿਤ ਸਮਾਜ ਦੇ ਨੁਮਾਇੰਦਿਆਂ ਨੇ ਕਾਂਗਰਸੀ ਆਗੂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਦਿਆਂ ਪੁਤਲਾ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਭਵਨ ਵਿਖੇ ਬਰਿੰਦਰ ਢਿੱਲੋਂ ਅਤੇ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਰਣਜੀਤ ਸਿੰਘ ਵੱਲੋਂ ਬਰਿੰਦਰ ਢਿੱਲੋਂ ਤੇ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿੱਚ ਕਿਸੇ ਵੀ ਵਿਅਕਤੀ ਨਾਲ ਜਾਤੀ ਦੇ ਆਧਾਰ ’ਤੇ ਵਿਤਕਰਾ, ਬੇਇੱਜ਼ਤੀ ਜਾਂ ਅਪਮਾਨਜਨਕ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ਾਂ ਵਿੱਚ ਘਿਰੇ ਬਰਿੰਦਰ ਢਿੱਲੋਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਾਂਗਰਸ ਦੀ ਹਾਈਕਮਾਂਡ ਤੋਂ ਵੀ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਰਿੰਦਰ ਢਿੱਲੋਂ ਵਿਰੁੱਧ ਪਾਰਟੀ ਪੱਧਰ ’ਤੇ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨਕਾਰੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਸ ਮਾਮਲੇ ਵਿੱਚ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਅਣਦੇਖੀ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਖਾਲਸਾ, ਭਾਰਤ ਭੂਸ਼ਣ ਹੈਪੀ ਆਜਮਪੁਰ, ਕੇਵਲ ਕ੍ਰਿਸ਼ਨ ਹੈਪੀ ਤਖ਼ਤਗੜ੍ਹ, ਕ੍ਰਿਸ਼ਨ ਸਿੰਘ ਬਿੱਲਾ ਲਸਾੜੀ, ਪੰਮਾ ਨੂਰਪੁਰਬੇਦੀ, ਮਹਿੰਦਰ ਸਿੰਘ ਝੱਜ, ਦਾਰਾ ਸਿੰਘ ਟੱਪਰੀਆਂ, ਸ਼ਿੰਗਾਰਾ ਸਿੰਘ ਭੈਣੀ, ਸਤਨਾਮ ਸਿੰਘ ਮੁਕਾਰੀ, ਛਿੰਦੂ ਅਬਿਆਣਾ, ਅਜਮੇਰ ਸਿੰਘ ਅਮਰਪੁਰ ਬੇਲਾ ਅਤੇ ਵਿਕਾਸ ਕੁਮਾਰ ਸੋਨੂੰ ਨੂਰਪੁਰਬੇਦੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਦਲਿਤ ਸਮਾਜ ਦੇ ਵੱਡੀ ਗਿਣਤੀ ਵਿੱਚ ਨੁਮਾਇੰਦੇ ਮੌਜੂਦ ਸਨ।