ਅਕਾਲੀ ਦਲ ਨੇ ਮਾਈਨਿੰਗ ਦੇ ਦੋਸ਼ਾਂ ਨੂੰ ਲੈ ਕੇ ਵਿਧਾਇਕ ਖ਼ਿਲਾਫ਼ ਖੋਲ੍ਹਿਆ ਮੋਰਚਾ ਅਕਾਲੀ ਦਲ ਨੇ ਮਾਈਨਿੰਗ ਦੇ ਦੋਸ਼ਾਂ ਨੂੰ ਲੈ ਕੇ ਵਿਧਾਇਕ ਖ਼ਿਲਾਫ਼ ਖੋਲ੍ਹਿਆ ਮੋਰਚਾ
Publish Date: Wed, 28 Oct 2026 05:57 PM (IST)
Updated Date: Wed, 28 Oct 2026 05:58 PM (IST)
ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਕੀਤੀ ਮੰਗ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਲਕਾ ਰੂਪਨਗਰ ’ਚ ਚੱਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰੂਪਨਗਰ ਦੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਮਾਮਲੇ ਦੀ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਉਠਾਈ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਬਾਣਗੜ੍ਹ ਸਾਹਿਬ ਜੇਤੇਵਾਲ ਵਿਖੇ ਹੋਈ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੇ ਕਥਿਤ ਨਾਜਾਇਜ਼ ਮਾਈਨਿੰਗ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਮਾਮਲੇ ਦੀ ਸੀ.ਬੀ.ਆਈ. ਤੇ ਈ.ਡੀ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਬਾਲਾ ਨੇ ਦੋਸ਼ ਲਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਉਪ-ਮੰਡਲ ਅਧੀਨ ਪੈਂਦੇ ਪਿੰਡਾਂ ’ਚ ਸਤਲੁਜ ਦਰਿਆ ਅਤੇ ਸਵਾਂ ਨਦੀ ਦੇ ਕੰਢਿਆਂ ’ਤੇ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਦਿਨ-ਰਾਤ ਕਥਿਤ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਦੇ ਮਾਮਲੇ ’ਚ ਹਲਕਾ ਵਿਧਾਇਕ ਦੀ ਕਥਿਤ ਭੂਮਿਕਾ ਸਮੇਤ ਸਮੁੱਚੇ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਪਹਿਲਾਂ ਵੀ ਹਲਕੇ ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਵਾਜ਼ ਉਠਾਉਂਦਾ ਰਿਹਾ। ਪ੍ਰਧਾਨ ਬਾਲਾ ਨੇ ਪਿੰਡ ਸੈਦਪੁਰ ਦੇ ਆਪ ਪਾਰਟੀ ਦੇ ਕਾਰਕੁੰਨ ਮਨਜੀਤ ਸਿੰਘ ਕਾਲੂ ਵੱਲੋਂ ਇਸ ਮਾਮਲੇ ਨੂੰ ਉਠਾਏ ਜਾਣ ਤੋਂ ਬਾਅਦ ਅਕਾਲੀ ਦਲ ਦਾ ਹਰ ਵਰਕਰ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਨੁਮਾਇੰਦਿਆਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਬੇਵਜਹਾ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੈਠਕ ’ਚ ਸਰਕਲ ਪ੍ਰਧਾਨ ਗੁਰਦੀਪ ਬਟਾਰਲਾ, ਗੋਪਾਲ ਚੰਦ ਬਾਲੇਵਾਲ, ਕੁਲਵੀਰ ਅਸਮਾਨਪੁਰ, ਹੁਸਨ ਚੰਦ ਮਠਾਣ, ਬਾਬਾ ਦਿਆ ਸਿੰਘ ਦਹੀਰਪੁਰ, ਸੁਖਵਿੰਦਰ ਬੋਬੀ ਸਮੀਰੋਵਾਲ, ਹਰਕੇਤ ਕੋਲਾਪੁਰ, ਪਾਖਰ ਜੇਤੇਵਾਲ, ਦਿਲਵਾਰਾ ਸਿੰਘ ਕਲਵਾਂ, ਜਸਵੀਰ ਰਾਣਾ ’ਤੇ ਮੋਹਣ ਸਿੰਘ ਭੋਗੀਪੁਰ ਆਦਿ ਅਕਾਲੀ ਆਗੂ ਹਾਜ਼ਰ ਸਨ।