- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਖੇੜੀ ਵਿਖੇ ਜਲ ਅਰਪਣ ਦਿਵਸ ਮਨਾਇਆ

ਪਾਣੀ ਦੀ ਹਰ ਬੂੰਦ ਸੰਭਾਲਣ ਦਾ ਲਿਆ ਅਹਿਦ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਾਣੀ ਕੁਦਰਤ ਵੱਲੋਂ ਮਨੁੱਖਤਾ ਨੂੰ ਮਿਲਿਆ ਅਨਮੋਲ ਤੋਹਫ਼ਾ ਹੈ, ਜਿਸ ਦੀ ਹਰ ਬੂੰਦ ਜੀਵਨ ਦੀ ਨਿਰੰਤਰਤਾ ਦਾ ਆਧਾਰ ਹੈ। ਇਸ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜਲ ਸਪਲਾਈ ’ਤੇ ਸੈਨੀਟੇਸ਼ਨ ਵਿਭਾਗ ਵੱਲੋਂ ਉਪ ਮੰਡਲ ਇੰਜੀਨੀਅਰ ਸ੍ਰੀ ਅਸੀਸ ਟਾਕ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਦੇ ਪਿੰਡ ਖੇੜੀ ਵਿਖੇ ਜਲ ਅਰਪਣ ਦਿਵਸ ਮਨਾਇਆ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਪਾਣੀ ਦੀ ਸੁਚੱਜੀ ਵਰਤੋਂ ਕਰਨ, ਜਲ ਸਰੋਤਾਂ ਦੀ ਰੱਖਿਆ ਕਰਨ ਅਤੇ ਜਲ ਸਪਲਾਈ ਸਕੀਮ ਦੀ ਸਾਂਭ-ਸੰਭਾਲ ਲਈ ਸਾਂਝੀ ਵਚਨਬੱਧਤਾ ਪ੍ਰਗਟਾਈ। ਸਮਾਗਮ ਦੀ ਸ਼ੁਰੂਆਤ ਪਿੰਡ ਦੀ ਜਲ ਸਪਲਾਈ ਸਕੀਮ ਵਿਖੇ ਪਿੰਡ ਵਾਸੀਆਂ ਦੀ ਮੌਜੂਦਗੀ ’ਚ ਪਵਿੱਤਰ ਧਾਗਾ ਬੰਨ੍ਹਣ ਦੀ ਰਸਮ ਅਤੇ ਮਨਮੋਹਕ ਰੰਗੋਲੀ ਸਜਾ ਕੇ ਕੀਤੀ ਗਈ। ਇਸ ਉਪਰੰਤ ਲੋਕਾਂ ਨੂੰ ਪਾਣੀ ਦੀ ਮਹੱਤਤਾ ਅਤੇ ਇਸ ਦੀ ਸਾਂਭ-ਸੰਭਾਲ ਦਾ ਸੁਨੇਹਾ ਦੇਣ ਲਈ ਪਿੰਡ ਪੱਧਰੀ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਦੇ ਨਾਲ ਹੀ ਪਾਣੀ ਦੀ ਗੁਣਵੱਤਾ ਦੀ ਜਾਂਚ ਅਤੇ ਟਰਾਂਸੈਕਟ ਵਾਕ ਸਮੇਤ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਲ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਾਕ ਕੋਆਰਡੀਨੇਟਰ ਪਰਮਿੰਦਰ ਕੌਰ ਨੇ ਜਲ ਅਰਪਣ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣਾ, ਜਲ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੀ ਨਿਯਮਤ ਦੇਖਭਾਲ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਪਾਣੀ ਦੀ ਬਰਬਾਦੀ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਕੀਮਤੀ ਕੁਦਰਤੀ ਸਰੋਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਫੀਲਡ ਟੈਸਟਿੰਗ ਕਿੱਟ ਰਾਹੀਂ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ, ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਅਤੇ ਜਲ ਸਪਲਾਈ ’ਤੇ ਸੈਨੀਟੇਸ਼ਨ ਕਮੇਟੀ ਨੂੰ ਸਕੀਮ ਦੇ ਰੱਖ-ਰਖਾਅ ’ਚ ਸਰਗਰਮ ਭੂਮਿਕਾ ਨਿਭਾਉਣ ਸਬੰਧੀ ਵੀ ਜਾਣਕਾਰੀ ਦਿੱਤੀ।
ਪਿੰਡ ਦੀ ਸਰਪੰਚ ਸੁਸ਼ਮਾ ਰਾਣੀ ਨੇ ਪਿੰਡ ਵਾਸੀਆਂ ਨੂੰ ਜਲ ਸਪਲਾਈ ਸਕੀਮ ਦੀ ਸੰਭਾਲ ਕਰਨ ਅਤੇ ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰਨ ਦੀ ਸਹੁੰ ਚੁਕਾਈ। ਆਸ਼ਾ ਵਰਕਰ ਸੁਨੀਤਾ ਰਾਣੀ ਨੇ ਵੀ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ ਇਸ ਨੇਕ ਕਾਰਜ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਪੰਪ ਆਪਰੇਟਰ ਹਰਮੇਸ਼ ਲਾਲ, ਪੰਚ ਅਮਨਦੀਪ ਕੌਰ, ਸ਼ਿਵ ਕੁਮਾਰ, ਰਣਜੀਤ ਕੌਰ ਰਾਣੀ, ਪਵਨ ਕੁਮਾਰ ਰਾਣਾ, ਗੁਰਨਾਮ ਸਿੰਘ, ਤਰਜਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।