ਕਾਲੂ ਸੈਦਪੁਰੀਆਂ ਨੇ ਲਾਈਵ ਹੋ ਲਾਏ ਵਿਧਾਇਕ ’ਤੇ ਗੰਭੀਰ ਅਰੋਪ ਕਾਲੂ ਸੈਦਪੁਰੀਆਂ ਨੇ ਲਾਇਵ ਹੋ ਲਗਾਏ ਵਿਧਾਇਕ ’ਤੇ ਗੰਭੀਰ ਅਰੋਪ
Publish Date: Wed, 28 Oct 2026 05:51 PM (IST)
Updated Date: Wed, 28 Oct 2026 05:52 PM (IST)
ਮਾਇਨਿੰਗ ਤੋਂ 2000 ਕਰੋੜ ਦੀ ਜਾਇਦਾਦ ਇਕੱਠੀ ਕਰਨ ਤੇ ਝੂਠੇ ਪਰਚਿਆਂ ’ਚ ਫਸਾਉਣ ਦੀਆਂ ਧਮਕੀਆਂ ਦਾ ਕੀਤਾ ਜ਼ਿਕਰ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੂਰਪੁਰਬੇਦੀ : ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਤੇ ਗੈਰ ਕਾਨੂੰਨੀ ਮਾਈਨਿੰਗ ਰਾਹੀਂ 2000 ਕਰੋੜ ਰੁਪਏ ਦੀ ਜਾਇਦਾਦ ਨੂੰ ਇਕੱਠੀ ਕਰਨ ਦਾ ਇਲਜ਼ਾਮ ਨੂਰਪੁਰ ਬੇਦੀ ਇਲਾਕੇ ਦੇ ਸਿਰ ਕੱਢ ਆਗੂ ਮਨਜੀਤ ਸਿੰਘ ਕਾਲੂ ਸੈਦਪੁਰੀਆ ਵੱਲੋਂ ਸੋਸ਼ਲ ਮੀਡੀਆ ਤੇ ਲਗਾਏ ਜਾਣ ਤੋਂ ਬਾਅਦ ਇਲਾਕੇ ’ਚ ਵੱਡੇ ਪੱਧਰ ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਦੀਆਂ ਕਈ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ । ਦੱਸਣਾ ਬਣਦਾ ਹੈ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਕਾਲੂ ਸੈਦਪੁਰੀਆ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਤੇ ਕਈ ਗੰਭੀਰ ਆਰੋਪ ਲਗਾਏ ਸਨ। ਆਪਣੇ ਆਰੋਪਾ ਦੇ ’ਚ ਉਸਨੇ ਕਿਹਾ ਸੀ ਕਿ ਆਮ ਵਿਅਕਤੀ ਦਾ ਵਿਖਾਵਾ ਕਰਨ ਵਾਲੇ ਵਿਧਾਇਕ ਸਾਹਿਬ ਐਕਟੀਵਾ ਤੇ ਆ ਕੇ ਪੈਸੇ ਇਕੱਠੇ ਕਰਦੇ ਹਨ ਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ’ਚ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਕਾਲੂ ਸੈਦਪੁਰੀਆ ਨੇ ਕਿਹਾ ਕਿ ਵਿਧਾਇਕ ਵੱਲੋਂ ਖੇੜਾ ਜੋਨ ਦੇ ਵਿੱਚੋਂ ਅਗਾਉ ਪੈਸਿਆਂ ਦੀ ਵੀ ਮੰਗ ਕੀਤੀ ਸੀ ਜੋ ਕਿ ਪੂਰੀ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਵੱਲੋਂ 32 ਕਿੱਲੇ ਬੇਨਾਮੀ ਜ਼ਮੀਨ ਲਈ ਹੋਈ ਹੈ ਅਤੇ ਉਸ ਤੇ ਸ਼ਰੇਆਮ ਮਾਈਨਿੰਗ ਕਰਵਾਈ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਉਕਤ ਵਿਅਕਤੀ ਵੱਲੋਂ ਨਾ ਸਿਰਫ 2 ਹਜਾਰ ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਇਲਜ਼ਾਮ ਲਗਾਏ ਗਏ, ਸਗੋਂ ਵਿਧਾਇਕ ਦੇ ਪਿਤਾ ਸਬੰਧੀ ਵੀ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਅਤੇ ਵਿਧਾਇਕ ਵੱਲੋਂ ਉਸ ਦੇ ਖਿਲਾਫ ਪੁਲਿਸ ਤੋਂ ਨਜਾਇਜ਼ ਪਰਚੇ ਕਰਵਾਉਣ ਦਾ ਖਦਸ਼ਾ ਵੀ ਜਾਹਰ ਕੀਤਾ ਗਿਆ ਸੀ। ਕਿਉਂ ਸ਼ੁਰੂ ਹੋਈ ਇਹ ਲੜਾਈ ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰੂਪਨਗਰ ਤੋਂ ਹਲਕਾ ਇੰਚਾਰਜ ਕਾਂਗਰਸ ਬਰਿੰਦਰ ਢਿੱਲੋ ਵੱਲੋਂ ਸਾਂਝੇ ਤੌਰ ਤੇ ਮਾਈਨਿੰਗ ਮਾਫੀਆ ਦੇ ਖਿਲਾਫ ਮੁਹਿੰਮ ਚਲਾ ਕੇ ਰਾਤ ਨੂੰ ਵੀਡੀਓ ਵਾਇਰਲ ਕੀਤੀਆਂ ਗਈਆਂ ਸਨ ਅਤੇ ਸੂਤਰਾਂ ਮੁਤਾਬਕ ਵਿਧਾਇਕ ਵੱਲੋਂ ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਕਾਲੂ ਸੈਦਪੁਰੀਆ ਵੱਲੋਂ ਕਰਵਾਈ ਗਈ ਹੈ, ਜਿਸ ਦਾ ਜ਼ਿਕਰ ਕਾਲੂ ਸੈਦਪੁਰੀਆ ਵੱਲੋਂ ਆਪਣੀ ਵੀਡੀਓ ਦੇ ’ਚ ਵੀ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਜਿੱਥੇ ਨੂਰਪੁਰ ਬੇਦੀ ਜੋਨ ’ਚ ਮਜਬੂਰਨ ਮਾਈਨਿੰਗ ਬੰਦ ਕਰਨੀ ਪਈ ਸੀ, ਉੱਥੇ ਹੀ ਕਾਲੂ ਦਾ ਨਾਮ ਇਸ ਛਾਪੇਮਾਰੀ ’ਚ ਵੱਡੇ ਪੱਧਰ ਤੇ ਆ ਰਿਹਾ ਸੀ। ਬਿਕਰਮ ਸਿੰਘ ਮਜੀਠੀਆ ਨੇ ਕੀਤੀ ਕਾਲੂ ਨਾਲ ਫੋਨ ਤੇ ਗੱਲ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮਨਜੀਤ ਸਿੰਘ ਕਾਲੂ ਸੈਦਪੁਰੀਆ ਦੇ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ। ਬਿਕਰਮ ਸਿੰਘ ਮਜੀਠੀਆ ਨੇ ਕਾਲੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਚਿਆਂ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਦਲੇਰ ਆਦਮੀ ਹੀ ਖੜਿਆ ਕਰਦੇ ਹਨ । ਇਸ ਮਾਮਲੇ ਨੂੰ ਉਠਾਉਂਦਿਆਂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਵਿਧਾਇਕ ਚੱਢਾ ਵਿਰੁੱਧ ਸਾਹਮਣੇ ਆਏ ਦੋਸ਼ ਗੰਭੀਰ ਹਨ ਤੇ ਇਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸ਼ੋਦੀਆ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਵਿਧਾਇਕ ਦੀ ਨੇੜਤਾ ਦਾ ਹਵਾਲਾ ਦਿੰਦਿਆਂ ਸੂਬਾ ਸਰਕਾਰ ਨੂੰ ਇਸ ਮਾਮਲੇ ਤੇ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ । ਪਹਿਲਾਂ ਕਿਉਂ ਉੱਠਿਆ ਸੀ 58 ਲੱਖ ਰੁਪਏ ਦਾ ਮਾਮਲਾ ਪਿਛਲੇ ਦਿਨਾਂ ਦੇ ’ਚ ਕਰੈਸ਼ਰਾਂ ਤੋਂ ਇਕੱਤਰ ਕੀਤੇ ਗਏ ਕਥਿਤ ਤੌਰ ਤੇ 58 ਲੱਖ ਰੁਪਏ ਦਾ ਮਾਮਲਾ ਵੀ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਣਾ ਬਣਦਾ ਹੈ ਕਿ ਇੱਕ ਖਾਸ ਵਿਅਕਤੀ ਵੱਲੋਂ ਸੂਤਰਾਂ ਮੁਤਾਬਕ ਹਰੇਕ ਕਰੈਸ਼ਰ ਤੋਂ ਇੱਕ ਵੱਡੀ ਰਕਮ ਇਕੱਠੀ ਕੀਤੀ ਜਾਂਦੀ ਹੈ ਅਤੇ ਉਸਨੂੰ ਵੰਡ ਕੇ ਆਲੇ ਦੁਆਲੇ ਭੇਜਿਆ ਜਾਂਦਾ ਹੈ ਤੇ ਹਾਲੇ ਕੁਝ ਹੀ ਦਿਨ ਪਹਿਲਾਂ ਕਰੈਸ਼ਰਾਂ ਤੋਂ ਕਥਿਤ ਤੌਰ ਤੇ 58 ਲੱਖ ਰੁਪਏ ਇਕੱਠੇ ਕਰਨ ਤੇ ਉਨ੍ਹਾਂ ਦੀ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇੱਕ ਰਾਜਨੀਤਿਕ ਆਗੂ ਕੋਲ ਪਹਿਚਾਣ ਦੇ ਚਰਚੇ ਵੀ ਜ਼ੋਰਾਂ ਤੇ ਸਨ ਕਿ ਇਸੇ ਦੌਰਾਨ ਕਾਲੂ ਸੈਦਪੁਰੀਆ ਵੱਲੋਂ ਵਿਧਾਇਕ ਚੱਢਾ ਦੇ ਖਿਲਾਫ ਅਹਿਮ ਖੁਲਾਸੇ ਕਰ ਦਿੱਤੇ ਗਏ । ਉਸਨੇ ਆਪਣੀ ਵੀਡੀਓ ਦੇ ’ਚ ਵੀ ਕੁਝ ਖਾਸ ਵਿਅਕਤੀਆਂ ਦੇ ਨਾਮ ਨਸ਼ਰ ਕੀਤੇ ਸਨ। ਇਸ ਤੋਂ ਇਲਾਵਾ ਖੇੜਾ ਜੋਨ ਦੀ ਮਾਈਨਿੰਗ ਲਈ ਚਲਦੇ ਕਾਹਨਪੁਰ ਖੂਹੀ ਦੇ ਰਸਤੇ ਦਾ ਬਾਰ ਬਾਰ ਬੰਦ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇੱਕ ਖਾਸ ਰਾਜਨੀਤਿਕ ਆਗੂ ਦੇ ਕਹਿਣ ਤੇ ਲੈਣ ਦੇਣ ਤੋਂ ਬਾਅਦ ਇਸ ਰਸਤੇ ਦੇ ਖੁਲਣ ਦੀਆਂ ਚਰਚਾਵਾਂ ਵੀ ਜ਼ੋਰਾਂ ਤੇ ਹਨ ਅਤੇ ਕਾਲੂ ਸੈਦਪੁਰੀਆ ਵੱਲੋਂ ਇਸ ਸੜਕ ਦਾ ਜਿਕਰ ਵੀ ਆਪਣੀ ਵੀਡੀਓ ’ਚ ਕੀਤਾ ਗਿਆ ਹੈ। ਕੀ ਕਹਿੰਦੇ ਹਨ ਵਿਧਾਇਕ ਦਿਨੇਸ਼ ਚੱਢਾ ਇਸ ਸਬੰਧੀ ਜਦੋਂ ਵਿਧਾਇਕ ਦਿਨੇਸ਼ ਚੱਢਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਹਲਫੀਆ ਬਿਆਨ ਰਾਹੀਂ ਇਨ੍ਹਾਂ ਦੋਸ਼ਾਂ ਦਾ ਜਵਾਬ ਦੇ ਦਿੱਤਾ ਗਿਆ ਹੈ ਕਿ ਜੇਕਰ ਮਜੀਠੀਆ ਆਪਣੇ ਦਾਅਵੇ ਦੇ ਅਨੁਸਾਰ ਉਨ੍ਹਾਂ ਕੋਲ 2ਹਜਾਰ ਕਰੋੜ ਜਾਂ 100 ਕਰੋੜ ਰੁਪਏ ਦੀ ਜਾਇਦਾਦ ਸਾਬਤ ਕਰ ਦਿੰਦੇ ਹਨ ਤਾਂ ਉਹ ਆਪਣੀ ਸਾਰੀ ਜਾਇਦਾਦ ਮਜੀਠੀਆਂ ਨੂੰ ਦਾਨ ਕਰ ਦੇਣਗੇ । ਉਨ੍ਹਾਂ ਨੇ ਮਜਿਠੀਆ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਭਾਈਵਾਲ ਭਾਜਪਾ ਦੀਆਂ ਜਾਂਚ ਏਜੰਸੀਆਂ ਰਾਹੀਂ ਅਜਿਹੀ ਜਾਇਦਾਦ ਦੀ ਭਾਲ ਕਰਵਾ ਕੇ ਇਸਨੂੰ ਹਾਸਲ ਕਰ ਸਕਦੇ ਹਨ। ਪੰਜਾਬੀ ਜਾਗਰਨ ਨਾਲ ਵਿਸ਼ੇਸ਼ ਗੱਲ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਐਫੀਡੈਵਿਟ ਦੇ ਰਾਹੀਂ ਜਵਾਬ ਦੇ ਦਿੱਤਾ ਗਿਆ ਹੈ ਅਤੇ ਉਹ ਵੀਡੀਓ ਜਾਰੀ ਕਰਨ ਵਾਲੇ ਵਿਅਕਤੀ ਦੀ ਕਿਸੇ ਗੱਲ ਦਾ ਵੀ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ।