ਪਰਾਲੀ ਸਾੜਨ ਵਿਰੁੱਧ ਜਾਗਰੂਕ ਸੈਮੀਨਾਰ ਪਰਾਲੀ ਸਾੜਨ ਵਿਰੁੱਧ ਜਾਗਰੂਕ ਸੈਮੀਨਾਰ
Publish Date: Wed, 28 Oct 2026 04:55 PM (IST)
Updated Date: Wed, 28 Oct 2026 04:58 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ’ਚ ਪਰਾਲੀ ਸਾੜਨ ਵਿਰੁੱਧ ਜਾਗਰੂਕ ਸੈਮੀਨਾਰ ਕੀਤਾ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਸਥਾਨ ’ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੇ ਜਸਕਰਨ ਸਿੰਘ ਅਤੇ ਸ਼ਿਖਾ ਰਾਨੀ ਨੇ ਕਿਹਾ ਕਿ ਪੰਜਾਬ ਭਰ ’ਚ ਲੱਗਭਗ 31 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਵਿਚੋਂ ਲੱਗਭਗ 200 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਇੱਕ ਟਨ ਪਰਾਲੀ ਨੂੰ ਅੱਗ ਲਾਉਣ ਤੇ 1460 ਕਿਲੋ ਕਾਰਬਨ ਡਾਈਆਕਸਾਇਡ, 199 ਕਿਲੋ ਰਾਖ, 60 ਕਿਲੋ ਕਾਰਬਨ ਮੋਨੋਆਕਸਾਇਡ ਅਤੇ 2 ਕਿਲੋ ਸਲਫਰ ਡਾਈਆਕਸਾਇਡ ਪੈਦਾ ਹੁੰਦੀ ਹੈ। ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਕੋਮਲਪ੍ਰੀਤ ਕੌਰ ਅਤੇ ਜੋਤੀ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਆਲਮੀ ਤਪਸ ’ਚ ਵਾਧਾ ਹੁੰਦਾ ਹੈ, ਧਰਤੀ ਦੀ ਉਪਰਲੀ ਉਪਜਾਊ ਪਰਤ ਸੜ੍ਹ ਜਾਂਦੀ ਹੈ, ਮਿਤਰ ਕੀਟ ਮਰ ਜਾਂਦੇ ਹਨ ਅਤੇ ਵਾਤਾਵਰਣ ’ਚ ਜਹਿਰਲੀਆਂ ਗੈਸਾਂ, ਕਾਰਬਨ ਅਤੇ ਧੂੰਆ ਪੈਦਾ ਹੁੰਦਾ ਹੈ ਅਤੇ ਇਸ ਨਾਲ ਸਾਹ, ਚਮੜੀ ਅਤੇ ਕੈਂਸਰ ਦੇ ਰੋਗ ਪੈਦਾ ਹੁੰਦੇ ਹਨ। ਇਸ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਸਿਮਰਨ ਅਤੇ ਜਸ਼ਨਦੀਪ ਕੌਰ ਨੇ ਕਿਹਾ ਕਿ ਇਕ ਟਨ ਝੌਨੇ ਦੀ ਪਰਾਲੀ ਨੂੰ ਖੇਤਾਂ ’ਚ ਮਿਲਾਉਣ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਰਫੋਰਸ, 25 ਕਿਲੋ ਪੋਟਾਸ ਅਤੇ 1.2 ਕਿਲੋ ਸਲਫਰ ਆਦਿ ਖੁਰਾਕੀ ਤੱਤ ਖੇਤ ਦੀ ਮਿੱਟੀ ’ਚ ਮਿਲ ਜਾਦੇ ਹਨ ਤੇ ਇਸ ਨਾਲ ਖੇਤੀ ਭੂਮੀ ਦੀ ਉਪਜਾਊ ਸ਼ਕਤੀ ਵਧਦੀ ਹੈ। ਇਸ ਮੌਕੇ ਡਾ. ਦਿਲਰਾਜ ਕੌਰ ,ਪ੍ਰੋ: ਬੋਬੀ , ਪ੍ਰੋ : ਅਮਿਤ ਕੁਮਾਰ ਯਾਦਵ ਅਤੇ ਪ੍ਰੋ : ਸਰਨਦੀਪ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਪਰਾਲੀ ਦੇ ਪ੍ਰਬੰਧਨ ਲਈ ਸੁਪਰ ਐਂਸ ਐੱਮ ਐਂਸ, ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਪੈਡੀਸਟਰਾਅ ਚੌਪਰ/ਸ਼ਰੈਡਰ/ਮਲਚਰ,ਹਾਈਡਰੋਲਿਕ ਰੀਵਰਸੀਥਲ ਮੋਲਡ ਬੋਰਡ ਪਲੋਅ ਅਤੇ ਜੀਰੋ ਟਿਲ ਡਰਿਲ ਆਦਿ ਮਸ਼ੀਨਾਂ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਸਬਸਿਡੀ ਤੇ ਉਪਲੱਬਧ ਕਰਵਾਉਂਦੀ ਹੈ। ਸਰਕਾਰ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਸਖਤ ਆਦੇਸ਼ਾਂ ਅਤੇ ਸਥਾਪਿਤ ਕੀਤੇ ਕੰਟਰੋਲ ਰੂਮਾਂ ਸਦਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਾਫੀ ਕਮੀ ਆਈ ਹੈ ਅਤੇ ਕਿਸਾਨਾਂ ਵਿਚ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੀ ਹੈ। ਇਸ ਮੌਕੇ ਪ੍ਰਿੰਸਿਪਲ ਨੇ ਆਪਣੇ ਭੇਜੇ ਸੰਦੇਸ਼ ਵਿਚ ਵਿਦਿਆਰਥੀਆਂ ਨੂੰ ਪਿੰਡਾਂ ’ਚ ਪਰਾਲੀ ਸਾੜਨ ਵਿਰੁੱਧ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਲਈ ਕਿਹਾ ।