ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
Publish Date: Wed, 28 Oct 2026 04:52 PM (IST)
Updated Date: Wed, 28 Oct 2026 04:55 PM (IST)
ਮਹਿੰਦੀ ਤੇ ਸ਼ਿੰਗਾਰ ਦੀ ਖਰੀਦਦਾਰੀ ਲਈ ਉਮੜੀ ਸੁਹਾਗਣਾਂ ਦੀ ਭੀੜ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਸੁਖਾਵੇਂ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਣ ਵਾਲੀਆਂ ਔਰਤਾਂ ’ਚ ਮਨਾਏ ਜਾਂਦੇ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਪਵਿੱਤਰ ਤਿਉਹਾਰ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਖਾਸ ਰੋਣਕਾਂ ਅਤੇ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਅੱਡਾ ਮਾਰਕੀਟ, ਮੇਨ ਮਾਰਕੀਟ ’ਚ ਜਿੱਥੇ ਫੈਂਸੀ ਕੱਪੜਿਆਂ ਦੇ ਸ਼ੋਅਰੂਮਾਂ ’ਤੇ ਦੁਕਾਨਾਂ ’ਚ ਭੀੜ ਦਿਖਾਈ ਦੇ ਰਹੀ ਹੈ, ਉਥੇ ਹੀ ਕਾਸਮੈਟਿਕ ਦੀਆਂ ਦੁਕਾਨਾਂ ’ਚ ਚੂੜੀਆਂ, ਬਿੰਦੀਆਂ, ਨੇਲ ਪਾਲਿਸ਼ ਅਤੇ ਹੋਰ ਸ਼ਿੰਗਾਰ ਦੇ ਸਮਾਨ ਦੀ ਖਰੀਦਦਾਰੀ ਜੋਰਾਂ ਨਾਲ ਚੱਲ ਰਹੀ ਹੈ। ਜੇਕਰ ਖਾਣ ਪੀਣ ਦੇ ਸਮਾਨ ਦੀ ਗੱਲ ਕਰੀਏ ਤਾਂ ਹਲਵਾਈਆਂ ਦੀਆਂ ਦੁਕਾਨਾਂ ਤੇ ਫਲਾਂ ਦੀਆਂ ਦੁਕਾਨਾਂ ਤੇ ਖਾਸ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਤਿਉਹਾਰੀ ਸੀਜਨ ਦੇ ਮੱਦੇਨਜ਼ਰ ਬਾਜ਼ਾਰਾਂ ਦੇ ’ਚ ਵਧੀ ਗਾਹਕੀ ਨਾਲ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਵੀ ਰੌਣਕ ਨਜ਼ਰ ਆ ਰਹੀ ਹੈ । ਇਸ ਸਬੰਧੀ ਸ਼ਿੰਗਾਰ ਕਾਸਮੈਟਿਕ ਦੇ ਮਾਲਕ ਰਾਜਾ ਜੋਲੀ ਨੇ ਦੱਸਿਆ ਕਿ ਔਰਤਾਂ ਦੇ ’ਚ ਜਿੱਥੇ ਰੰਗ ਬਿਰੰਗੀਆਂ ਚੂੜੀਆਂ ਪਾਉਣ ਦਾ ਚਾਅ ਨਜ਼ਰ ਆ ਰਿਹਾ ਹੈ, ਉਥੇ ਹੀ ਹਾਰ ਸ਼ਿੰਗਾਰ ਦੇ ਸਮਾਨ ਦੀ ਵੀ ਵਿਕਰੀ ਜੋਰਾਂ ’ਤੇ ਹੈ। ਮੋਤੀ ਸਵੀਟ ਤੇ ਕੈਟਰਰ ਮੇਨ ਮਾਰਕੀਟ ਦੇ ਮਾਲਕ ਤੁਸ਼ਾਰ ਜੈਰਥ ਨੇ ਦੱਸਿਆ ਕਿ ਔਰਤਾਂ ਵੱਲੋਂ ਸਰਗੀ ਦੇ ਸਮਾਨ ਦੀ ਖਰੀਦਦਾਰੀ ਜੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਜਿੱਥੇ ਫੈਣੀਆਂ, ਮੱਠੀਆਂ ਆਦਿ ਦੀ ਵਿਕਰੀ ਜੋਰਾਂ ’ਤੇ ਹੈ, ਉਥੇ ਹੀ ਇਸ ਵਾਰ ਸੁੱਕੇ ਮੇਵੇ ਖਰੀਦਣ ’ਚ ਵੀ ਔਰਤਾਂ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਬਜ਼ਾਰਾ ਦੇ ’ਚ ਮਹਿੰਦੀ ਲਗਾਉਣ ਵਾਲਿਆਂ ਦੀ ਵੀ ਚਾਂਦੀ ਹੋਈ ਪਈ ਸੀ ਤੇ ਔਰਤਾਂ ਵੱਡੀ ਗਿਣਤੀ ’ਚ ਮਹਿੰਦੀ ਲਗਵਾਉਣ ਲਈ ਲਾਈਨਾਂ ਦੇ ’ਚ ਲੱਗੀਆਂ ਹੋਈਆਂ ਸਨ।