ਡੀਏਪੀ ਖਾਦ ਦੀ ਤੁਰੰਤ ਸਪਲਾਈ ਯਕੀਨੀ ਬਣਾਈ ਜਾਵੇ: ਡਾ. ਸੁਭਾਸ਼ ਸ਼ਰਮਾ ਡੀਏਪੀ ਖਾਦ ਦੀ ਕਿੱਲਤ ਦੂਰ ਕਰਕੇ ਕਿਸਾਨਾਂ ਨੂੰ ਤੁਰੰਤ ਸਪਲਾਈ ਯਕੀਨੀ ਬਣਾਈ ਜਾਵੇ: ਡਾ. ਸੁਭਾਸ਼ ਸ਼ਰਮਾ
Publish Date: Wed, 28 Oct 2026 04:43 PM (IST)
Updated Date: Wed, 28 Oct 2026 04:43 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਡੀਏਪੀ ਖਾਦ ਦੀ ਭਾਰੀ ਕਿੱਲਤ ਦਾ ਮਾਮਲਾ ਉਠਾਦਿਆਂ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਕਿਸਾਨਾਂ ਲਈ ਖਾਦ ਦੀ ਤੁਰੰਤ ਅਤੇ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਮਹੱਤਵਪੂਰਨ ਸਮਾਂ ਚੱਲ ਰਿਹਾ ਹੈ, ਪਰ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਸਿਰ ਖਾਦ ਨਾ ਮਿਲਣ ਨਾਲ ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ, ਜਿਸ ਦਾ ਅਸਰ ਕਿਸਾਨਾਂ ਦੀ ਫ਼ਸਲ ਅਤੇ ਪੈਦਾਵਾਰ ’ਤੇ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਾਰੇ ਪ੍ਰਭਾਵਿਤ ਪਿੰਡਾਂ ’ਚ ਡੀਏਪੀ ਖਾਦ ਦੀ ਲੋੜ ਅਨੁਸਾਰ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ। ਸਹਿਕਾਰੀ ਸਭਾਵਾਂ ਅਤੇ ਨਿੱਜੀ ਡੀਲਰਾਂ ਰਾਹੀਂ ਖਾਦ ਦੀ ਉਪਲਬਧਤਾ ਅਤੇ ਵੰਡ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ। ਜੇਕਰ ਸਪਲਾਈ ’ਚ ਕੋਈ ਤਕਨੀਕੀ ਜਾਂ ਪ੍ਰਬੰਧਕੀ ਸਮੱਸਿਆ ਹੈ, ਤਾਂ ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਪ੍ਰਾਪਤ ਕਰਨ ਲਈ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਖਾਦ ਦੀ ਵੰਡ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ, ਤਾਂ ਜੋ ਹਰ ਕਿਸਾਨ ਨੂੰ ਸਮੇਂ ਸਿਰ ਖਾਦ ਮਿਲ ਸਕੇ ਅਤੇ ਕਣਕ ਦੀ ਬਿਜਾਈ ਨਿਰਵਿਘਨ ਢੰਗ ਨਾਲ ਪੂਰੀ ਹੋ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਮਾਰਕਫੈੱਡ ਵੱਲੋਂ ਇਸ ਗੰਭੀਰ ਮਸਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਕਿਸਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।