ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਸ਼ਾਮਲ ਹੋਏ ਹਰਜੋਤ ਬੈਂਸ 21 ਮੰਗਲਵਾਰ ਭਜਨ ਸੰਧਿਆ ਸੰਕਲਪ ਤਹਿਤ ਪਿੰਡ ਦੋਲੋਵਾਲ ਲੋਅਰ ਵਿਖੇ ਅੱਠਵੇਂ ਮੰਗਲਵਾਰ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ
Publish Date: Wed, 28 Oct 2026 04:25 PM (IST)
Updated Date: Wed, 28 Oct 2026 04:28 PM (IST)
ਦੋਲੋਵਾਲ ਲੋਅਰ ਨੂੰ 8 ਲੱਖ ਤੇ ਪਿੰਡ ਨੱਕੀਆਂ ਲਈ 5 ਲੱਖ ਦਾ ਚੈੱਕ ਭੇਟ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : 21 ਮੰਗਲਵਾਰ ਭਜਨ ਸੰਧਿਆ ਸੰਕਲਪ ਤਹਿਤ ਪਿੰਡ ਦੋਲੋਵਾਲ ਲੋਅਰ ਵਿਖੇ ਅੱਠਵੇਂ ਮੰਗਲਵਾਰ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਰਧਾ ਅਤੇ ਸਤਿਕਾਰ ਸਹਿਤ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਭੂ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਸਮੁੱਚੀ ਲੋਕਾਈ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਸੰਗਤ ਨੇ ਸ਼ਰਧਾ ਨਾਲ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਬੈਂਸ ਨੇ ਕਿਹਾ ਕਿ ਧਾਰਮਿਕ ਸਮਾਗਮ ਮਨੁੱਖ ਨੂੰ ਸੇਵਾ, ਨਿਮਰਤਾ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਭਲਾਈ ਦੇ ਗੁਣ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ। ਪ੍ਰਭੂ ਦੀ ਭਗਤੀ ਸਾਨੂੰ ਚੰਗੇ ਕਰਮ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸਮਾਜ ’ਚ ਪਿਆਰ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸਮਾਗਮ ਲੋਕਾਂ ਨੂੰ ਆਪਸ ’ਚ ਜੋੜਨ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪਿੰਡ ਦੋਲੋਵਾਲ ਲੋਅਰ ਦੇ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਭੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਬਾਅਦ ’ਚ 7 ਲੱਖ ਰੁਪਏ ਦੀ ਦੂਜੀ ਕਿਸ਼ਤ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਨੱਕੀਆਂ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਮੀਤ ਸਿੰਘ ਟੀਨਾ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟ੍ਰੇਡ ਕਮਿਸ਼ਨ, ਗਗਨ ਭਾਰਜ ਚੇਅਰਮੈਨ ਰਾਮਗੜ੍ਹੀਆ ਵਿੰਗ, ਧਰਮ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ, ਦਵਿੰਦਰ ਸਿੰਘ ਸਰਪੰਚ, ਬਿਕਰਮ ਸਿੰਘ ਸਰਪੰਚ ਦੋਲੋਵਾਲ ਲੋਅਰ, ਮਨਜੀਤ ਸਿੰਘ ਮਨੂ, ਜੈ ਕੌਰ, ਕਸ਼ਮੀਰ ਸਿੰਘ ਠੇਕੇਦਾਰ, ਸਾਬਕਾ ਸਰਪੰਚ ਸਰਵਣ ਸਿੰਘ ਅਤੇ ਧੰਨਾ ਜੀ ਸਮੇਤ ਹੋਰ ਪਤਵੰਤੇ ’ਤੇ ਪਿੰਡ ਵਾਸੀ ਹਾਜ਼ਰ ਸਨ।