ਨਵੇਂ ਗੈਸ ਸਿਲੰਡਰ ਬਾਰੇ ਜਾਗਰੂਕਤਾ ਕੈਂਪ ਲਗਾਇਆ ਸ੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਵੱਲੋਂ ਨਵੇਂ ਗੈਸ ਸਿਲੰਡਰ ਬਾਰੇ ਜਾਗਰੂਕਤਾ ਕੈਂਪ ਲਗਾਇਆ
Publish Date: Tue, 27 Oct 2026 06:11 PM (IST)
Updated Date: Tue, 27 Oct 2026 06:13 PM (IST)
ਜੰਗਾਲ ਰਹਿਤ ਤੇ ਪਾਰਦਰਸ਼ੀ ਗੈਸ ਸਿਲੰਡਰ ਬਾਰੇ ਦਿੱਤੀ ਜਾਣਕਾਰੀ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਗੈਸ ਸਪਲਾਈ ਸੇਵਾਵਾਂ ’ਚ ਮੋਹਰੀ ਸ੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਵੱਲੋਂ ਮਾਲਕ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਵੇਂ ਗੈਸ ਸਿਲੰਡਰ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਕੇ. ਕੇ. ਬੇਦੀ ਅਤੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਹਿੰਦੋਸਤਾਨ ਪੈਟਰੋਲੀਅਮ (ਐੱਚਪੀ) ਵੱਲੋਂ ਜਾਰੀ ਕੀਤੇ ਗਏ ਨਵੇਂ ਜੰਗਾਲ ਰਹਿਤ ਤੇ ਪਾਰਦਰਸ਼ੀ ਗੈਸ ਸਿਲੰਡਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਲੰਡਰ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਦੀ ਵਰਤੋਂ ਨਾਲ ਗਾਹਕਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਸਬੰਧੀ ਗਾਹਕਾਂ ਨੂੰ ਜਾਣਕਾਰੀ ਦੇਣਾ ਸਮੇਂ ਦੀ ਲੋੜ ਹੈ, ਤਾਂ ਜੋ ਲੋਕ ਉਪਲੱਬਧ ਨਵੀਆਂ ਸਹੂਲਤਾਂ ਬਾਰੇ ਜਾਣ ਸਕਣ। ਇਸ ਮੌਕੇ ਬਲਰਾਮ ਪਰਾਸ਼ਰ ਨੇ ਗੈਸ ਏਜੰਸੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਾਹਕਾਂ ਨੂੰ ਨਵੀਂ ਤਕਨਾਲੋਜੀ ਅਤੇ ਸਹੂਲਤਾਂ ਬਾਰੇ ਜਾਗਰੂਕ ਕਰਨ ਵਾਲੇ ਅਜਿਹੇ ਪ੍ਰੋਗਰਾਮ ਲੋਕ ਹਿੱਤ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵਪਾਰਕ ਅਦਾਰਿਆਂ ਵੱਲੋਂ ਆਪਣੇ ਗਾਹਕਾਂ ਨੂੰ ਨਵੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਏਜੰਸੀ ਪ੍ਰਬੰਧਕਾਂ ਨੂੰ ਭਵਿੱਖ ’ਚ ਵੀ ਅਜਿਹੇ ਲੋਕ ਭਲਾਈ ਦੇ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਅਸ਼ਵਨੀ ਕੁਮਾਰ, ਰਣਜੀਤ ਸਿੰਘ, ਗੁਰਜੀਤ ਕੌਰ, ਰਮਨ ਕੁਮਾਰ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।