ਮਹਿਲਾ ਜਾਗਰੂਕਤਾ ਪ੍ਰੋਗਰਾਮ ’ਤੇ ਸਿਹਤ ਜਾਂਚ ਕੈਂਪ ਲਗਾਇਆ ਐਨਐਫਐਲ ਨੰਗਲ ਵੱਲੋਂ ਰਾਏਪੁਰ ਸਹੋੜਾਂ ਪਿੰਡ ਵਿੱਚ ਮਹਿਲਾ ਜਾਗਰੂਕਤਾ ਪ੍ਰੋਗਰਾਮ ’ਤੇ ਸਿਹਤ ਜਾਂਚ ਕੈਂਪ ਲਗਾਇਆ
Publish Date: Tue, 27 Oct 2026 06:06 PM (IST)
Updated Date: Tue, 27 Oct 2026 06:07 PM (IST)
400 ਤੋਂ ਵੱਧ ਔਰਤਾਂ ਤੇ ਲੜਕੀਆਂ ਨੇ ਲਿਆ ਹਿੱਸਾ ਮੁਫ਼ਤ ਦਵਾਈਆਂ ਤੇ ਸੈਨੇਟਰੀ ਨੈਪਕਿਨ ਵੰਡੇ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨਐੱਫਐੱਲ) ਦੀ ਨੰਗਲ ਇਕਾਈ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ 23 ਅਕਤੂਬਰ, 2026 ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਸਹੋੜਾਂ ਵਿਖੇ ਵਿਸ਼ਾਲ ਮਹਿਲਾ ਜਾਗਰੂਕਤਾ ਪ੍ਰੋਗਰਾਮ ਅਤੇ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਪਹਿਲ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੀਆਂ ਔਰਤਾਂ ਅਤੇ ਕਿਸ਼ੋਰ ਉਮਰ ਦੀਆਂ ਲੜਕੀਆਂ ਨੂੰ ਸਿਹਤ ਸੰਭਾਲ, ਮਾਹਵਾਰੀ ਦੌਰਾਨ ਸਫ਼ਾਈ ਅਤੇ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ’ਚ 400 ਤੋਂ ਵੱਧ ਔਰਤਾਂ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਿਹਤ ਜਾਂਚ ਕੈਂਪ ਦੌਰਾਨ ਸਿਹਤ ਮਾਹਿਰਾਂ ਵੱਲੋਂ ਔਰਤਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਯੋਗ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਦਵਾਈਆਂ ਅਤੇ ਸੈਨੇਟਰੀ ਨੈਪਕਿਨ ਵੀ ਵੰਡੇ ਗਏ। ਪ੍ਰੋਗਰਾਮ ਦਾ ਉਦਘਾਟਨ ਵਿਸ਼ੇਸ਼ ਮਹਿਮਾਨਾਂ ਵੱਲੋਂ ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡ ਕੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਮਾਹਵਾਰੀ ਦੌਰਾਨ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਅਤੇ ਲੋੜ ਪੈਣ ’ਤੇ ਡਾਕਟਰੀ ਸਲਾਹ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਐੱਨਐੱਫਐੱਲ ਦੇ ਸੀਨੀਅਰ ਮੈਨੇਜਰ (ਮਟੀਰੀਅਲਜ਼) ਰਣਜੀਤ ਸਿੰਘ, ਐਚਆਰ ਮੈਨੇਜਰ ਸ਼ਵੇਤਾ ਮਹਾਜਨ, ਸਹਾਇਕ ਮੈਨੇਜਰ (ਵਿੱਤ ਤੇ ਲੇਖਾ) ਜਸਵਾਲ, ਲੋਕ ਸੰਪਰਕ ਅਧਿਕਾਰੀ ਸੋਹਣ ਲਾਲ, ਕਮੇਟੀ ਦੇ ਸਮੂਹ ਮੈਂਬਰ ਅਤੇ ਲੋਕ ਸੰਪਰਕ ਟੀਮ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਪਿੰਡ ਛੋਟੇਵਾਲ ਦੇ ਸਰਪੰਚ ਸ਼ਸ਼ੀ ਕੁਮਾਰ ਅਤੇ ਆਸ਼ਾ ਵਰਕਰ ਊਸ਼ਾ ਦੇਵੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ।