253 ਮਾਸਟਰ ਕਾਡਰ ਅਧਿਆਪਕਾਂ ਦਾ ਪੱਕਾ ਧਰਨਾ ਨੌਵੇਂ ਦਿਨ ’ਚ ਦਾਖ਼ਲ 253 ਮਾਸਟਰ ਕਾਡਰ ਅਧਿਆਪਕਾਂ ਦਾ ਪੱਕਾ ਧਰਨਾ ਨੌਵੇਂ ਦਿਨ ਵਿੱਚ ਦਾਖਲ
Publish Date: Tue, 27 Oct 2026 05:37 PM (IST)
Updated Date: Tue, 27 Oct 2026 05:40 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 253 ਮਾਸਟਰ ਕਾਡਰ ਅਧਿਆਪਕਾਂ ਵੱਲੋਂ ਲਗਾਇਆ ਗਿਆ ਪੱਕਾ ਧਰਨਾ ਨੌਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅਧਿਆਪਕਾਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਦੁਆਰਾ ਤਿਆਰ ਕੀਤੀ ਉੱਤਰ ਕੁੰਜੀ ਰੱਦ ਕਰਨ ਤੇ ਨਾਇਲਟ ਕੰਪਨੀ ਦੀ ਤਰੁੱਟੀਆਂ ਭਰੀ ਉੱਤਰ ਕੁੰਜੀ ਲਾਗੂ ਕਰਨ ਦੇ ਵਿਰੋਧ ’ਚ ਸੰਘਰਸ਼ ਕੀਤਾ ਜਾ ਰਿਹਾ ਹੈ। ਧਰਨੇ ਉੱਤੇ ਬੈਠੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਿੱਖਿਆ ਵਿਭਾਗ ਉੱਤੇ ਭਰਤੀ ਪ੍ਰਕਿਰਿਆ ’ਚ ਜਾਣਬੁੱਝ ਕੇ ਅਣਗਹਿਲੀ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਇਸ ਭਰਤੀ ’ਚ ਵੱਡੇ ਵਿਭਾਗੀ ਘਪਲੇ ਦੀ ਸ਼ੰਕਾ ਵੀ ਜਤਾਈ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਧਰਨੇ ਦੌਰਾਨ ਬੁਲਾਰਿਆਂ ਗੁਰਦਰਸ਼ਨ ਸਿੰਘ ਅਤੇ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਵਿਭਾਗ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਰਕਾਰ ਵੱਲੋਂ ਕਈ ਪ੍ਰਸ਼ੰਸਾ ਪੱਤਰ ਵੀ ਮਿਲੇ ਅਤੇ ਉਨ੍ਹਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਵੀ ਉੱਤਮ ਦਰਜੇ ਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਖ ਕਾਲ ਪੂਰਾ ਹੋਣ ਤੋਂ ਕੇਵਲ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸੇਵਾਵਾਂ ਖਤਮ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ। ਇਸ ਕਾਰਨ ਉਹ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਮਾਨਸਿਕ ਅਤੇ ਆਰਥਿਕ ਪੀੜਾ ਝੱਲ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰ ਕੌਰ, ਸੀਮਾ, ਅਰਸ਼ਦੀਪ ਕੌਰ, ਵਨੀਤਾ, ਸ਼ਾਈਨਾ ਅਤੇ ਰੂਬੀ ਸਮੇਤ ਸੈਂਕੜੇ ਅਧਿਆਪਕ ਹਾਜ਼ਰ ਸਨ।