ਗੋਵਰਧਨ ਸੋਨੀ ਨੇ ਨਿਤਿਨ ਗਡਕਰੀ ਨੂੰ ਭੇਜਿਆ ਮੰਗ ਪੱਤਰ ਗੋਵਰਧਨ ਸੋਨੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਭੇਜ ਕੇ ਕੀਤੀ ਅੰਡਰਪਾਸ ਦੀ ਮੰਗ
Publish Date: Tue, 27 Oct 2026 04:15 PM (IST)
Updated Date: Tue, 27 Oct 2026 04:19 PM (IST)
3 ਇਤਿਹਾਸਿਕ ਗੁਰਦੁਆਰਿਆਂ ਤੱਕ ਪੁੱਜਣ ਲਈ ਅੰਡਰਪਾਸ ਬਣਾਉਣ ਦੀ ਕੀਤੀ ਅਪੀਲ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨਾਲ ਸਬੰਧਤ ਗੋਵਰਧਨ ਸੋਨੀ (ਜੀਡੀ ਸੋਨੀ) ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮੰਗ ਪੱਤਰ ਭੇਜ ਕੇ ਕੌਮੀ ਮਾਰਗ ਕੀਰਤਪੁਰ ਸਾਹਿਬ–ਮਨਾਲੀ ਹਾਈਵੇ ਦੇ ਕਿਲੋਮੀਟਰ 0.00 ਤੋਂ 0.10 ਦੇ ਵਿਚਕਾਰ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਅਤੇ ਤਿੰਨ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਗੁਰਦੁਆਰਾ ਤੀਰ ਸਾਹਿਬ ਜੀ ਤੱਕ ਪਹੁੰਚ ਲਈ ਅੰਡਰਪਾਸ ਦੀ ਸਹੂਲਤ ਜਾਂ ਕੋਈ ਹੋਰ ਢੁੱਕਵਾਂ ਬਦਲਵਾਂ ਰਸਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਗੋਵਰਧਨ ਸੋਨੀ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਸਿੱਖ ਧਰਮ ਦਾ ਇਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਕੇਂਦਰ ਹੈ, ਜਿੱਥੇ ਹਰ ਰੋਜ਼ ਵੱਡੀ ਗਿਣਤੀ ’ਚ ਸ਼ਰਧਾਲੂ, ਸੈਲਾਨੀ ਅਤੇ ਸਥਾਨਕ ਲੋਕ ਪਹੁੰਚਦੇ ਹਨ। ਇਸ ਲਈ ਕੌਮੀ ਮਾਰਗ ਦੇ ਨਿਰਮਾਣ ਤੇ ਵਿਕਾਸ ਦੌਰਾਨ ਸਥਾਨਕ ਲੋਕਾਂ ਦੀਆਂ ਲੋੜਾਂ ਅਤੇ ਧਾਰਮਿਕ ਅਸਥਾਨਾਂ ਦੀ ਮਹੱਤਤਾ ਨੂੰ ਧਿਆਨ ’ਚ ਰੱਖਦਿਆਂ ਸੁਰੱਖਿਅਤ ਅਤੇ ਸੁਖਾਲੀ ਆਵਾਜਾਈ ਦੇ ਪ੍ਰਬੰਧ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰ ਅਤੇ ਇਤਿਹਾਸਕ ਗੁਰਦੁਆਰਿਆਂ ਤੱਕ ਪਹੁੰਚ ਲਈ ਢੁੱਕਵੇਂ ਪ੍ਰਬੰਧਾਂ ਦੀ ਘਾਟ ਸਥਾਨਕ ਵਸਨੀਕਾਂ, ਦੁਕਾਨਦਾਰਾਂ ਅਤੇ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕੌਮੀ ਮਾਰਗ ਪਾਰ ਕਰਨ ਸਮੇਂ ਕਈ ਮੁਸ਼ਕਲਾਂ ਅਤੇ ਸੁਰੱਖਿਆ ਸਬੰਧੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਮੁੱਖ ਬਾਜ਼ਾਰ ਤੱਕ ਆਸਾਨ ਪਹੁੰਚ ਨਾ ਹੋਣ ਕਾਰਨ ਸਥਾਨਕ ਵਪਾਰਕ ਗਤੀਵਿਧੀਆਂ ਅਤੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਸਕਦੀ ਹੈ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਬੰਧਤ ਕੌਮੀ ਮਾਰਗ ਅਤੇ ਪ੍ਰਾਜੈਕਟ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਨਿਰਮਾਣ ਯੋਜਨਾ ’ਚ ਸਥਾਨਕ ਲੋਕਾਂ, ਵਪਾਰੀਆਂ ਅਤੇ ਧਾਰਮਿਕ ਅਸਥਾਨਾਂ ਦੀਆਂ ਲੋੜਾਂ ਨੂੰ ਪਹਿਲ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਕੌਮੀ ਮਾਰਗਾਂ ਦੇ ਵਿਕਾਸ ਦਾ ਅਸਲ ਉਦੇਸ਼ ਸਿਰਫ਼ ਆਵਾਜਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਹੀ ਨਹੀਂ, ਸਗੋਂ ਸਥਾਨਕ ਨਾਗਰਿਕਾਂ ਦੀਆਂ ਸਹੂਲਤਾਂ, ਸੁਰੱਖਿਆ ਅਤੇ ਇਲਾਕੇ ਦੀ ਆਰਥਿਕ ਤੇ ਧਾਰਮਿਕ ਮਹੱਤਤਾ ਨੂੰ ਵੀ ਬਰਕਰਾਰ ਰੱਖਣਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਅਹਿਮ ਲੋਕ-ਹਿੱਤ ਵਾਲੀ ਮੰਗ ’ਤੇ ਹਾਂ-ਪੱਖੀ ਵਿਚਾਰ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦੇਣਗੇ, ਤਾਂ ਜੋ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਤੇ ਇਤਿਹਾਸਕ ਗੁਰਦੁਆਰਿਆਂ ਤੱਕ ਸੁਰੱਖਿਅਤ ਅਤੇ ਸੁਖਾਲੀ ਪਹੁੰਚ ਯਕੀਨੀ ਬਣਾਈ ਜਾ ਸਕੇ।