ਮਾਸਟਰ ਕਾਡਰ ਅਧਿਆਪਕਾਂ ਦਾ ਟਰਮੀਨੇਸ਼ਨ ਦਾ ਦਿਨ ਸਿੱਖਿਆ ਦੇ ਇਤਿਹਾਸ ’ਚ ਕਾਲਾ ਦਿਨ ਹੋਵੇਗਾ ਮਾਮਲਾ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਦਾ ਟਰਮੀਨੇਸ਼ਨ ਦਾ ਦਿਨ ਸਿੱਖਿਆ ਦੇ ਇਤਿਹਾਸ ਵਿੱਚ ਕਾਲਾ ਦਿਨ ਹੋਵੇਗਾ
Publish Date: Mon, 26 Oct 2026 07:04 PM (IST)
Updated Date: Mon, 26 Oct 2026 07:07 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : 4161 ਮਾਸਟਰ ਕਾਡਰ ਭਰਤੀ ਰਾਹੀਂ ਨਿਯੁਕਤ ਹੋਏ 253 ਅਧਿਆਪਕਾਂ ਦੀ ਟਰਮੀਨੇਸ਼ਨ ਦੇ ਖਦਸ਼ੇ ਨੂੰ ਲੈ ਕੇ ਅਧਿਆਪਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪੀੜਤ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੇ ਪੱਤਰ ਜਾਰੀ ਕੀਤੇ ਗਏ ਤਾਂ ਉਸ ਦਿਨ ਨੂੰ ਪੰਜਾਬ ਦੇ ਸਿੱਖਿਆ ਇਤਿਹਾਸ ’ਚ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਅਧਿਆਪਕਾਂ ਦੇ ਆਗੂ ਬਲਕਾਰ ਮਘਾਣੀਆ ਨੇ ਕਿਹਾ ਕਿ 253 ਯੋਗ ਅਧਿਆਪਕਾਂ ਨੂੰ ਨੌਕਰੀ ਤੋਂ ਬਾਹਰ ਕਰਨ ਦੀ ਤਿਆਰੀ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਵਿਭਾਗ ਵੱਲੋਂ ਲਿਆ ਗਿਆ ਇਮਤਿਹਾਨ ਪਾਸ ਕੀਤਾ ਅਤੇ ਸਕਰੂਟਨੀ ਸਮੇਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਨਿਯੁਕਤੀ ਹਾਸਲ ਕੀਤੀ ਸੀ। ਬਲਵਿੰਦਰ ਸਿੰਘ ਉਗਰਾਹਾ ਅਤੇ ਬਲਜਿੰਦਰ ਸਿੰਘ ਨੇ ਸਵਾਲ ਉਠਾਇਆ ਕਿ ਜੇਕਰ ਵਿਭਾਗੀ ਜਾਂ ਕਾਨੂੰਨੀ ਉਲਝਣਾਂ ਹਨ ਤਾਂ ਇਸ ਦੀ ਸਜ਼ਾ ਅਧਿਆਪਕਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਇਮਾਨਦਾਰੀ ਨਾਲ ਸਕੂਲਾਂ ’ਚ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਖਤਰੇ ’ਚ ਪਾਉਣਾ ਨਿਆਂਸੰਗਤ ਨਹੀਂ ਹੈ। ਅਮਨਦੀਪ ਕੌਰ ਅਤੇ ਸੰਗੀਤਾ ਰਾਣੀ ਨੇ ਕਿਹਾ ਕਿ ਨੌਕਰੀ ਖੁੱਸਣ ਨਾਲ 253 ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਹੱਲ ਕੱਢ ਕੇ ਅਧਿਆਪਕਾਂ ਦੀਆਂ ਨੌਕਰੀਆਂ ਬਚਾਈਆਂ ਜਾਣ। ਪੀੜਤ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਟਰਮੀਨੇਸ਼ਨ ਦੀ ਕਾਰਵਾਈ ਰੋਕਣ ਦੀ ਮੰਗ ਕੀਤੀ। ਉਨ੍ਹਾਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜੇਕਰ ਨੌਕਰੀਆਂ ਖਤਮ ਕਰਨ ਦਾ ਫੈਸਲਾ ਲਾਗੂ ਹੁੰਦਾ ਹੈ ਤਾਂ ਇਕਜੁੱਟ ਹੋ ਕੇ ਰੋਸ ਦਰਜ ਕਰਵਾਇਆ ਜਾਵੇ। ਇਸ ਮੌਕੇ ਅੰਕੁਰ ਪੁੰਢੀਰ, ਗਜ਼ਲਪ੍ਰੀਤ ਕੌਰ, ਰਮਨਦੀਪ ਕੌਰ, ਰਾਜੂ ਸਿੰਘ, ਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ, ਕ੍ਰਿਸ਼ਨ ਸਿੰਘ ਅਤੇ ਪ੍ਰਗਟ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।