ਲਹਿੜੀਆਂ ਵਿਖੇ ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ ਲਹਿੜੀਆਂ ਵਿਖੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ
Publish Date: Mon, 26 Oct 2026 06:34 PM (IST)
Updated Date: Mon, 26 Oct 2026 06:37 PM (IST)
ਪ੍ਰਾਪਰਟੀ ਕਾਰਡ ਜਾਇਦਾਦੀ ਹੱਕਾਂ ਨੂੰ ਦਸਤਾਵੇਜ਼ੀ ਰੂਪ ਦੇਣ ’ਚ ਸਹਾਈ : ਦੇਸਰਾਜ ਸੈਣੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡ ਲਹਿੜੀਆਂ ਵਿਖੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪ੍ਰਾਪਰਟੀ ਕਾਰਡ ਵੰਡਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ ਨੇ ਪਿੰਡ ਦੇ ਯੋਗ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ। ਇਸ ਪਹਿਲਕਦਮੀ ਨਾਲ ਪਿੰਡ ਵਾਸੀਆਂ ਨੂੰ ਆਪਣੇ ਰਿਹਾਇਸ਼ੀ ਮਕਾਨਾਂ ਨਾਲ ਸਬੰਧਤ ਮਲਕੀਅਤ ਦੇ ਰਿਕਾਰਡ ਨੂੰ ਦਸਤਾਵੇਜ਼ੀ ਰੂਪ ’ਚ ਸੰਭਾਲਣ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਦੇਸਰਾਜ ਸੈਣੀ ਨੇ ਕਿਹਾ ਕਿ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਸਬੰਧੀ ਮਲਕੀਅਤ ਦੇ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਆਪਣੇ ਜਾਇਦਾਦੀ ਹੱਕਾਂ ਪ੍ਰਤੀ ਵਧੇਰੇ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਕਾਰਡ ਮਿਲਣ ਨਾਲ ਲੋਕਾਂ ਕੋਲ ਆਪਣੇ ਰਿਹਾਇਸ਼ੀ ਮਕਾਨਾਂ ਸਬੰਧੀ ਰਿਕਾਰਡ ਉਪਲਬਧ ਹੋਵੇਗਾ, ਜਿਸ ਨਾਲ ਭਵਿੱਖ ’ਚ ਜਾਇਦਾਦ ਨਾਲ ਜੁੜੇ ਮਾਮਲਿਆਂ ਦੌਰਾਨ ਲੋੜੀਂਦੀ ਜਾਣਕਾਰੀ ਹਾਸਲ ਕਰਨ ’ਚ ਸਹੂਲਤ ਮਿਲ ਸਕਦੀ ਹੈ। ਇਸ ਮੌਕੇ ਮੌਜੂਦ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਯੋਜਨਾ ਨੂੰ ਪਿੰਡ ਵਾਸੀਆਂ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਪ੍ਰਾਪਰਟੀ ਕਾਰਡ ਲੋਕਾਂ ਨੂੰ ਆਪਣੇ ਘਰਾਂ ਨਾਲ ਸਬੰਧਤ ਦਸਤਾਵੇਜ਼ੀ ਰਿਕਾਰਡ ਪ੍ਰਾਪਤ ਕਰਨ ’ਚ ਸਹਾਈ ਹੋਣਗੇ। ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਵੀ ਇਸ ਉਪਰਾਲੇ ’ਤੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਪਟਵਾਰੀ ਭੁਪਿੰਦਰ ਸਿੰਘ, ਸੰਮਤੀ ਮੈਂਬਰ ਸੁਭਾਸ਼ ਧਾਮੀ, ਯੂਥ ਪ੍ਰਧਾਨ ਗੁਰਮੁਖ ਸਿੰਘ, ਪਿੰਡ ਦੇ ਪੰਚਾਇਤ ਮੈਂਬਰ, ਨੰਬਰਦਾਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।