ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੇ ਮਾਰੀਆਂ ਮੱਲ੍ਹਾਂ ਆਈ.ਐੱਸ.ਐੱਫ਼. ਕਾਲਜ ਮੋਗਾ ਵਿਖੇ ਕੌਮਾਂਤਰੀ ਕਾਨਫ਼ਰੰਸ ਦੌਰਾਨ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੇ ਮਾਰੇ ਮੱਲ੍ਹ
Publish Date: Mon, 26 Oct 2026 06:29 PM (IST)
Updated Date: Mon, 26 Oct 2026 06:31 PM (IST)
ਅਕਾਦਮਿਕ ਭਾਈਵਾਲੀ ਐਵਾਰਡ ਨਾਲ ਸਨਮਾਨਿਤ ਤੇ ਐੱਮ.ਓ.ਯੂ. ’ਤੇ ਕੀਤੇ ਦਸਤਖ਼ਤ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਆਈ.ਐੱਸ.ਐੱਫ਼. ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਇਸ ਵਿਸ਼ੇਸ਼ ਕਾਨਫ਼ਰੰਸ ’ਚ ਵਿਸ਼ਵ ਭਰ ਦੇ 15 ਤੋਂ ਵੱਧ ਦੇਸ਼ਾਂ ਤੋਂ ਆਏ ਪ੍ਰਮੁੱਖ ਵਿਦੇਸ਼ੀ ਬੁਲਾਰਿਆਂ ਨੇ ਆਪਣੇ ਖੋਜ ਪੱਤਰ ਅਤੇ ਵਿਚਾਰ ਸਾਂਝੇ ਕੀਤੇ। ਫਾਰਮੇਸੀ ਸਿੱਖਿਆ ਅਤੇ ਖੋਜ ਦੇ ਖੇਤਰ ’ਚ ਇਹ ਕਾਨਫ਼ਰੰਸ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ। ਇਸ ਸਮਾਗਮ ’ਚ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਦੇ ਪ੍ਰਿੰਸੀਪਲ ਡਾ. ਜੇ.ਐੱਸ. ਦੁਆ ਦੀ ਅਗਵਾਈ ਹੇਠ ਕਾਲਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਰਹੀ ਕਿ ਇਸ ਅੰਤਰਰਾਸ਼ਟਰੀ ਮੰਚ ਤੇ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਦੇ 3 ਪ੍ਰੋਫੈਸਰਾਂ ਨੇ ਵੱਖ-ਵੱਖ ਵਿਗਿਆਨਕ ਸ਼ੈਸ਼ਨਾਂ ’ਚ ਚੇਅਰਪਰਸਨ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ, ਫਾਰਮੇਸੀ ਸਿੱਖਿਆ ਦੇ ਖੇਤਰ ’ਚ ਬਹਿਤਰੀਨ ਯੋਗਦਾਨ ਲਈ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਜੇ.ਐੱਸ. ਦੁਆ ਨੂੰ ਅਕਾਦਮਿਕ ਪਾਰਟਨਰ ਐਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਡਾ. ਮੋਂਟੂ ਪਟੇਲ ਸਮੇਤ ਹੋਰ ਮੁੱਖ ਮਹਿਮਾਨ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਵਿਦਿਆਰਥੀਆਂ ਤੇ ਫੈਕਲਟੀ ਦੇ ਆਦਾਨ-ਪ੍ਰਦਾਨ ਲਈ ਸਮਝੌਤਾ ਸਹੀਬੱਧ ਕਾਨਫ਼ਰੰਸ ਦੌਰਾਨ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਅਤੇ ਸਾਈ ਬਧਾਨੀ ਕਾਲਜ ਵਿਚਕਾਰ ਇੱਕ ਮਹੱਤਵਪੂਰਨ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਇਸ ਸਮਝੌਤੇ ਦਾ ਮੁੱਖ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਵਿਦਿਆਰਥੀਆਂ, ਫੈਕਲਟੀ ਅਤੇ ਖੋਜ ਵਸੀਲਿਆਂ ਦਾ ਆਦਾਨ-ਪ੍ਰਦਾਨ ਕਰਨਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਖੋਜ ਦੇ ਨਵੇਂ ਅਵਸਰ ਪ੍ਰਾਪਤ ਹੋਣਗੇ। ਇਸ ਐੱਮ.ਓ.ਯੂ. ਤੇ ਸ਼ਿਵਾਲਿਕ ਕਾਲਜ ਦੇ ਪ੍ਰਿੰਸੀਪਲ ਡਾ. ਜੇ.ਐੱਸ. ਦੁਆ ਅਤੇ ਸਾਈ ਬਧਾਨੀ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਗੁਪਤਾ ਵੱਲੋਂ ਦਸਤਖ਼ਤ ਕੀਤੇ ਗਏ। ਇਸ ਮੌਕੇ ਪ੍ਰੋ. ਪੀ. ਸਾਹਾ ਅਤੇ ਪ੍ਰੋ. ਰਾਜੇਸ਼ ਸਿੰਘ ਵਿਸ਼ੇਸ਼ ਗਵਾਹ ਵਜੋਂ ਹਾਜ਼ਰ ਰਹੇ। ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਨੇ ਇਸ ਸ਼ਾਨਦਾਰ ਉਪਲਬਧੀ ਲਈ ਡਾ. ਜੇ.ਐੱਸ. ਦੁਆ ਅਤੇ ਹਾਜ਼ਰ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।