ਹਵਾ ਵਾਲੀ ਟੈਂਕੀ ਫਟਣ ਨਾਲ ਜ਼ੋਰਦਾਰ ਧਮਾਕਾ, ਖੋਖਾ ਤਬਾਹ ਆਜਮਪੁਰ ਬਾਈਪਾਸ ’ਤੇ ਹਵਾ ਵਾਲੀ ਟੈਂਕੀ ਫਟਣ ਨਾਲ ਜ਼ੋਰਦਾਰ ਧਮਾਕਾ ਖੋਖਾ ਤਬਾਹ
Publish Date: Mon, 26 Oct 2026 04:55 PM (IST)
Updated Date: Mon, 26 Oct 2026 04:58 PM (IST)
ਗੌਰਵ ਰਾਣਾ ਤੇ ਸਾਥੀਆਂ ਵੱਲੋਂ 5 ਹਜ਼ਾਰ ਦੀ ਮਦਦ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰ ਬੇਦੀ: ਆਜਮਪੁਰ ਬਾਈਪਾਸ ’ਤੇ ਅੱਜ ਦੁਪਹਿਰ ਕਰੀਬ ਢਾਈ ਵਜੇ ਪੈਂਚਰਾਂ ਦੀ ਦੁਕਾਨ ’ਤੇ ਲੱਗੀ ਹਵਾ ਵਾਲੀ ਟੈਂਕੀ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਨੂਰਪੁਰ ਬੇਦੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਮੂਸਾਪੁਰ ਤੱਕ ਸੁਣਾਈ ਦਿੱਤੀ। ਹਾਦਸੇ ’ਚ ਧਰਮਪਾਲ ਸਿੰਘ ਉਰਫ਼ ਬਿੱਲੂ ਦਾ ਪੂਰਾ ਖੋਖਾ ਤਬਾਹ ਹੋ ਗਿਆ ਅਤੇ ਉੱਥੇ ਪਿਆ ਇੰਜਣ ਵੀ ਕਾਫ਼ੀ ਨੁਕਸਾਨਿਆ ਗਿਆ। ਖੋਖੇ ਦੇ ਪੱਤਰਿਆਂ ਦੇ ਟੁਕੜੇ ਦੂਰ-ਦੂਰ ਤੱਕ ਜਾ ਡਿੱਗੇ। ਗਨੀਮਤ ਰਹੀ ਕਿ ਬਿੱਲੂ ਅਤੇ ਮੌਕੇ ’ਤੇ ਮੌਜੂਦ ਟਰੱਕ ਚਾਲਕ ਦੀ ਜਾਨ ਬਚ ਗਈ। ਆਪਣੀ ਕਿਰਤ ਰਾਹੀਂ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਧਰਮਪਾਲ ਸਿੰਘ ਬਿੱਲੂ ਨੇ ਘਟਨਾ ਦੀ ਜਾਣਕਾਰੀ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ ਨੂੰ ਦਿੱਤੀ। ਇਸ ’ਤੇ ਗੌਰਵ ਰਾਣਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੀੜਤ ਨਾਲ ਮੁਲਾਕਾਤ ਕਰਕੇ ਨੁਕਸਾਨ ਸਬੰਧੀ ਜਾਣਕਾਰੀ ਹਾਸਲ ਕੀਤੀ। ਬਿੱਲੂ ਨੇ ਦੱਸਿਆ ਕਿ ਉਸ ਨੂੰ ਆਪਣੀ ਮਿਹਨਤ ਤੇ ਕਿਰਤ ’ਤੇ ਭਰੋਸਾ ਹੈ ਤੇ ਜੇਕਰ ਲਗਭਗ 25 ਹਜ਼ਾਰ ਰੁਪਏ ਦੀ ਸਹਾਇਤਾ ਮਿਲ ਜਾਵੇ ਤਾਂ ਉਹ ਆਪਣਾ ਕਾਰੋਬਾਰ ਮੁੜ ਸ਼ੁਰੂ ਕਰ ਸਕਦਾ ਹੈ। ਇਸ ਮੌਕੇ ਗੌਰਵ ਰਾਣਾ ਦੇ ਨਾਲ ਹੈਪੀ ਭੱਗਲ, ਗੁਰਦੇਵ ਸਿੰਘ, ਪਰਮਿੰਦਰ ਸਿੰਘ ਲਵਲੀ ਸੇਠੀ ਅਤੇ ਅਜੇ ਰੋਲੀ ਸਮੇਤ ਹੋਰ ਸਾਥੀਆਂ ਨੇ ਯੋਗਦਾਨ ਪਾਉਂਦਿਆਂ ਕਰੀਬ 5 ਹਜ਼ਾਰ ਰੁਪਏ ਦੀ ਫੌਰੀ ਸਹਾਇਤਾ ਦਿੱਤੀ। ਗੌਰਵ ਰਾਣਾ ਨੇ ਕਿਹਾ ਕਿ ਅਜਿਹੀਆਂ ਆਫ਼ਤਾਂ ਦੀ ਸਥਿਤੀ ’ਚ ਸਰਕਾਰ ਅਤੇ ਪ੍ਰਸ਼ਾਸਨ ਕੋਲ ਪੀੜਤਾਂ ਦੀ ਤੁਰੰਤ ਸਹਾਇਤਾ ਲਈ ਵਿਸ਼ੇਸ਼ ਫੰਡ ਹੋਣੇ ਚਾਹੀਦੇ ਹਨ, ਤਾਂ ਜੋ ਰੋਜ਼ੀ-ਰੋਟੀ ਕਮਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿੱਲੂ ਦੀ ਵੱਧ ਤੋਂ ਵੱਧ ਮਦਦ ਕਰਨ, ਤਾਂ ਜੋ ਉਸ ਦਾ ਕਾਰੋਬਾਰ ਮੁੜ ਸ਼ੁਰੂ ਹੋ ਸਕੇ।