ਮਹਾਰਿਸ਼ੀ ਵਾਲਮੀਕਿ ਮੰਦਿਰ ਵਿਖੇ ਨਤਮਸਤਕ ਹੋਏ ਬੈਂਸ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੀਓਵਾਲ ’ਤੇ ਕੋਟਲਾ ਪਾਵਰ ਹਾਊਸ ਵਿਖੇ ਮਹਾਂਰਿਸ਼ੀ ਵਾਲਮੀਕਿ ਮੰਦਿਰ ਵਿਖੇ ਮੱਥਾ ਟੇਕਿਆ
Publish Date: Mon, 26 Oct 2026 04:41 PM (IST)
Updated Date: Mon, 26 Oct 2026 04:43 PM (IST)
ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਸਰੋਤ ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਅੱਜ ਪਿੰਡ ਜੀਓਵਾਲ ਤੇ ਕੋਟਲਾ ਪਾਵਰ ਹਾਊਸ ਵਿਖੇ ਸਥਿਤ ਮਹਾਰਿਸ਼ੀ ਵਾਲਮੀਕਿ ਮੰਦਿਰ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਸਮੁੱਚੇ ਸਮਾਜ ਦੀ ਖ਼ੁਸ਼ਹਾਲੀ, ਆਪਸੀ ਭਾਈਚਾਰੇ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਦਾ ਅਮੁੱਲ ਸਰੋਤ ਹਨ। ਉਨ੍ਹਾਂ ਵੱਲੋਂ ਰਚੀ ਗਈ ਪਵਿੱਤਰ ਰਮਾਇਣ ਮਨੁੱਖਤਾ ਨੂੰ ਸੱਚਾਈ, ਨੇਕੀ, ਧਰਮ, ਮਰਿਆਦਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਦੇ ਨਾਲ-ਨਾਲ ਮਨੁੱਖ ਨੂੰ ਆਪਣੇ ਜੀਵਨ ’ਚ ਚੰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਇਤਿਹਾਸਕ ਦਿਹਾੜੇ ਸਾਨੂੰ ਆਪਣੇ ਮਹਾਨ ਗੁਰੂਆਂ, ਰਿਸ਼ੀਆਂ ਅਤੇ ਸੰਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਮਹਾਰਿਸ਼ੀ ਵਾਲਮੀਕਿ ਜੀ ਨੇ ਆਪਣੀ ਬਾਣੀ ਅਤੇ ਵਿਚਾਰਾਂ ਰਾਹੀਂ ਸਮਾਜ ਨੂੰ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਿਆ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਮਨੁੱਖ ਦਾ ਸਤਿਕਾਰ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ’ਚ ਬਰਾਬਰਤਾ ਤੇ ਸਦਭਾਵਨਾ ਨੂੰ ਮਜ਼ਬੂਤ ਬਣਾਉਣ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੌਕੇ ਕਮਿਕਰ ਸਿੰਘ ਡਾਢੀ ਮੈਂਬਰ ਐਸ ਸੀ ਕਮਿਸ਼ਨ, ਗੁਰਪ੍ਰੀਤ ਅਰੋੜਾ ਚੇਅਰਮੈਂਨ ਟ੍ਰੇਡ ਕਮਿਸ਼ਨ, ਗੁਰਮੀਤ ਸਿੰਘ ਟੀਨਾ ਪ੍ਰਧਾਨ ਨਗਰ ਕੌਂਸਲ, ਇੰਦਰਜੀਤ ਸਰਪੰਚ ਕੋਟਲਾ ਯੋਗ ਰਾਜ , ਰਾਜ ਕੁਮਾਰ ਵਿੱਕੀ, ਗੁਰਨਾਮ ਸਿੰਘ ਵਾਈਸ ਪ੍ਰਧਾਨ ਨਗਰ ਕੌਂਸਲ, ਤੇਜਵੀਰ ਸਿੰਘ ਜਗੀਰਦਰ , ਅਵਜਿੰਦਰ ਸੈਣੀ, ਚੰਦਰ ਮੋਹਨ ਛਿਦੂ, ਯੂਨਿਸ ਖਾਨ,ਪ੍ਰੀਤਮ ਕੁਮਾਰ, ਕਾਲਾ, ਕਿਸ਼ਨਚੰਦ ਬੈਂਸ , ਸੁਰਿੰਦਰ ਬ੍ਰਿਸ਼, ਸੁਰਿੰਦਰ ਨਾਹਰ, ਦਰਸ਼ਨ ਬੈਂਸ, ਪ੍ਰੇਮ ਲਾਲ , ਪ੍ਰੀਤਮ ਚੰਦ ਹਾਜ਼ਰ ਸਨ।