ਰਾਜਸਥਾਨ ਦੇ ਇਤਿਹਾਸ ਤੇ ਸੱਭਿਆਚਾਰ ਤੋਂ ਜਾਣੂ ਹੋਏ 50 ਵਿਦਿਆਰਥੀ ਰਾਜਸਥਾਨ ਦੇ ਇਤਿਹਾਸ ਅਤੇ ਸੱਭਿਆਚਾਰ ਤੋਂ ਜਾਣੂ ਹੋਏ 50 ਵਿਦਿਆਰਥੀ
Publish Date: Mon, 26 Oct 2026 04:19 PM (IST)
Updated Date: Mon, 26 Oct 2026 04:22 PM (IST)
ਮਟੌਰ ਦੇ ਸਰਕਾਰੀ ਹਾਈ ਸਕੂਲ ਵੱਲੋਂ ਸੱਤ ਰੋਜ਼ਾ ਵਿੱਦਿਅਕ ਟੂਰ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੀਐਮ ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵੱਲੋਂ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਲਈ ਰਾਜਸਥਾਨ ਦਾ ਸੱਤ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਟੂਰ ’ਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ 50 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਦੇ ਨਾਲ ਇੰਚਾਰਜ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਅਤੇ ਗਣਿਤ ਅਧਿਆਪਕ ਰੋਹਿਤ ਵੀ ਮੌਜੂਦ ਰਹੇ। ਟੂਰ ਦੌਰਾਨ ਵਿਦਿਆਰਥੀਆਂ ਨੇ ਉਦੈਪੁਰ, ਜੋਧਪੁਰ ਅਤੇ ਜੈਸਲਮੇਰ ਦੇ ਪ੍ਰਸਿੱਧ ਇਤਿਹਾਸਕ ਅਤੇ ਸੱਭਿਆਚਾਰਕ ਸਥਾਨਾਂ ਦਾ ਦੌਰਾ ਕੀਤਾ। ਉਦੈਪੁਰ ਵਿਖੇ ਉਨ੍ਹਾਂ ਨੇ ਸਹੇਲੀਆਂ ਕੀ ਬਾੜੀ, ਲੋਕ ਕਲਾ ਮੰਡਲ, ਫਤਿਹਸਾਗਰ ਝੀਲ, ਸਿਟੀ ਪੈਲੇਸ, ਜਗਦੀਸ਼ ਮੰਦਰ ਅਤੇ ਪਿਛੋਲਾ ਝੀਲ ਦੇਖੀ। ਇਸ ਦੌਰਾਨ ਵਿਦਿਆਰਥੀਆਂ ਨੇ ਰਾਜਸਥਾਨ ਦੀ ਲੋਕ ਕਲਾ, ਰਵਾਇਤੀ ਪੁਸ਼ਾਕਾਂ, ਧਾਰਮਿਕ ਵਿਰਾਸਤ ਅਤੇ ਇਮਾਰਤੀ ਕਲਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜੋਧਪੁਰ ਜਾਂਦੇ ਸਮੇਂ ਵਿਦਿਆਰਥੀਆਂ ਨੇ ਹਲਦੀਘਾਟੀ ਦਾ ਦੌਰਾ ਕੀਤਾ ਅਤੇ ਮਹਾਰਾਣਾ ਪ੍ਰਤਾਪ ਦੀ ਬਹਾਦਰੀ ’ਤੇ ਇਤਿਹਾਸ ਬਾਰੇ ਜਾਣਿਆ। ਜੋਧਪੁਰ ’ਚ ਉਨ੍ਹਾਂ ਨੇ ਮੇਹਰਾਨਗੜ੍ਹ ਕਿਲ੍ਹੇ ਅਤੇ ਉਮੇਦ ਭਵਨ ਪੈਲੇਸ ਦੇਖੇ। ਇਸ ਤੋਂ ਇਲਾਵਾ ਸਥਾਨਕ ਬਾਜ਼ਾਰਾਂ ’ਚ ਰਾਜਸਥਾਨੀ ਜੀਵਨ ਸ਼ੈਲੀ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜੈਸਲਮੇਰ ਵਿਖੇ ਵਿਦਿਆਰਥੀਆਂ ਨੇ ਰਵਾਇਤੀ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਉਨ੍ਹਾਂ ਨੇ ਜੀਪ ਸਫਾਰੀ, ਊਠ ਦੀ ਸਵਾਰੀ ਅਤੇ ਥਾਰ ਮਾਰੂਥਲ ਦੇ ਰੇਤਲੇ ਟਿੱਬਿਆਂ ਦਾ ਅਨੁਭਵ ਕੀਤਾ। ਇਸ ਦੇ ਨਾਲ ਸੋਨਾਰ ਕਿਲ੍ਹੇ ਦਾ ਦੌਰਾ ਕਰਕੇ ਇਸ ਦੇ ਇਤਿਹਾਸ ਅਤੇ ਵਿਲੱਖਣ ਬਣਤਰ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਵਾਪਸੀ ਉਪਰੰਤ ਇਸ ਟੂਰ ਨੂੰ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਯਾਦਗਾਰੀ ਤਜਰਬਾ ਦੱਸਿਆ ਗਿਆ। ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ’ਚ ਅਨੁਸ਼ਾਸਨ, ਆਪਸੀ ਸਹਿਯੋਗ ਅਤੇ ਸਮੂਹਿਕ ਭਾਵਨਾ ਵਿਕਸਿਤ ਕਰਨ ਦੇ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।