ਵਿਦਿਆਰਥੀਆਂ ਨੂੰ ਈ-ਵੇਸਟ ਪ੍ਰਬੰਧਨ ਬਾਰੇ ਕੀਤਾ ਜਾਗਰੂਕ ਸਰਕਾਰੀ ਸਕੂਲ ਕਾਂਗੜ ਵਿਖੇ ਈ-ਵੇਸਟ ਪ੍ਰਬੰਧਨ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Publish Date: Mon, 26 Oct 2026 03:40 PM (IST)
Updated Date: Mon, 26 Oct 2026 03:43 PM (IST)
ਪੋਸਟਰ ਮੇਕਿੰਗ ਤੇ ਪੈਰਾਗ੍ਰਾਫ ਲੇਖਣ ਮੁਕਾਬਲੇ ਰਾਹੀਂ ਦਿੱਤਾ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਦੇ ਪ੍ਰਿੰਸੀਪਲ ਪਾਖਰ ਸਿੰਘ ਦੀ ਰਹਿਨੁਮਾਈ ਹੇਠ ਈ-ਵੇਸਟ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਤੇ ਪੈਰਾਗ੍ਰਾਫ ਲੇਖਣ ਮੁਕਾਬਲੇ ਕਰਵਾਏ ਗਏ। ਕੰਪਿਊਟਰ ਅਧਿਆਪਕ ਅਰਪਨ ਕੁਮਾਰ ਤੇ ਨਵਨੀਤ ਕੁਮਾਰ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ‘ਈ-ਵੇਸਟ ਪ੍ਰਬੰਧਨ–ਸਾਡੀ ਜ਼ਿੰਮੇਵਾਰੀ’ ਰੱਖਿਆ ਗਿਆ। ਇਨ੍ਹਾਂ ਮੁਕਾਬਲਿਆਂ ’ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪੋਸਟਰਾਂ ਰਾਹੀਂ ਵਿਦਿਆਰਥੀਆਂ ਨੇ ਪੁਰਾਣੇ ਮੋਬਾਈਲ ਫੋਨਾਂ, ਲੈਪਟਾਪਾਂ, ਚਾਰਜਰਾਂ, ਬੈਟਰੀਆਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਆਮ ਕੂੜੇ ’ਚ ਸੁੱਟਣ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨਾਂ ਨੂੰ ਦਰਸਾਇਆ। ਉਨ੍ਹਾਂ ਨੇ ਇਲੈਕਟ੍ਰਾਨਿਕ ਕੂੜੇ ਦੀ ਸਹੀ ਸੰਭਾਲ ਤੇ ਰੀਸਾਈਕਲਿੰਗ ਨੂੰ ਸਮੇਂ ਦੀ ਮੁੱਖ ਲੋੜ ਦੱਸਦਿਆਂ ‘ਮੁੜ ਵਰਤੋਂ, ਮੁੜ ਚੱਕਰ ਤੇ ਸੁਰੱਖਿਅਤ ਭਵਿੱਖ’ ਦਾ ਸੁਨੇਹਾ ਦਿੱਤਾ। ਪੈਰਾਗ੍ਰਾਫ ਲੇਖਣ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਈ-ਵੇਸਟ ਦੇ ਮਾੜੇ ਪ੍ਰਭਾਵਾਂ ਤੇ ਇਸ ਦੇ ਸੁਰੱਖਿਅਤ ਨਿਪਟਾਰੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਿੰਸੀਪਲ ਪਾਖਰ ਸਿੰਘ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ’ਚ ਹਰ ਘਰ ’ਚ ਇਲੈਕਟ੍ਰਾਨਿਕ ਕੂੜੇ ਦੀ ਮਾਤਰਾ ਵਧ ਰਹੀ ਹੈ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਸ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਈ-ਵੇਸਟ ਨੂੰ ਆਮ ਕੂੜੇ ’ਚ ਸੁੱਟਣ ਦੀ ਬਜਾਏ ਅਧਿਕਾਰਤ ਰੀਸਾਈਕਲਰ ਕੋਲ ਹੀ ਜਮ੍ਹਾਂ ਕਰਵਾਉਣਾ ਚਾਹੀਦਾ ਹੈ। ਮੁਕਾਬਲਿਆਂ ਦੇ ਅੰਤ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਸਟਾਫ਼ ਨੂੰ ਈ-ਵੇਸਟ ਦਾ ਸਹੀ ਨਿਪਟਾਰਾ ਕਰਨ ਤੇ ਵਾਤਾਵਰਨ ਦੀ ਸੰਭਾਲ ’ਚ ਯੋਗਦਾਨ ਪਾਉਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਦਿਪੰਕਰ ਕੌਸ਼ਲ, ਸੁਖਦੇਵ ਸਿੰਘ ਰੰਧਾਵਾ, ਅਰਪਨ ਕੁਮਾਰ, ਨਵਨੀਤ ਕੁਮਾਰ, ਦਵਿੰਦਰ ਕਲਰਕ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਮ ਪਾਲ, ਭੁਵਨੇਸ਼ ਰਾਣਾ, ਸੁਰਿੰਦਰ ਪਾਲ ਸਿੰਘ, ਮੈਡਮ ਮਮਤਾ ਰਾਣੀ, ਮੈਡਮ ਸੁਮਨ ਦੇਵੀ, ਮੈਡਮ ਹੀਨਾ, ਕੈਂਪਸ ਮੈਨੇਜਰ ਬਲਵੰਤ ਸਿੰਘ, ਮਾਸਟਰ ਦਵਿੰਦਰ ਬਾਲੇਵਾਲ, ਆਰਤੀ, ਮਨੀਸ਼ਾ, ਹਰਦੀਪ, ਕਮਲੇਸ਼ ਰਾਣੀ, ਸਿਮਰਨ ਤੇ ਜੋਨੀ ਰਾਣਾ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।