ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਬਾਹਰੀ ਉਮੀਦਵਾਰਾਂ ਵਿਰੁੱਧ ਬੁਲੰਦ ਕੀਤੀ ਆਵਾਜ਼ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਬਾਹਰੀ ਉਮੀਦਵਾਰਾਂ ਵਿਰੁੱਧ ਬੁਲੰਦ ਕੀਤੀ ਆਵਾਜ਼
Publish Date: Sun, 25 Oct 2026 05:48 PM (IST)
Updated Date: Sun, 25 Oct 2026 05:49 PM (IST)
ਭਰਵੇਂ ਇਕੱਠ ਦੌਰਾਨ ਹਲਕੇ ਦੇ ਜੰਮਪਲ ਉਮੀਦਵਾਰ ਦੀ ਕੀਤੀ ਵਕਾਲਤ ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਦੇ ਹੱਕ ’ਚ ਉੱਠੀਆਂ ਆਵਾਜ਼ਾਂ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਹਲਕੇ ਦੀ ਸਿਆਸਤ ’ਚ ਸਥਾਨਕ ਉਮੀਦਵਾਰ ਦੀ ਭੂਮਿਕਾ ਨੂੰ ਲੈ ਕੇ ਇਲਾਕੇ ਦੇ ਲੋਕ ਇੱਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ, ਸਰਪੰਚਾਂ, ਸਮਾਜ ਸੇਵੀਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਹਲਕੇ ਤੋਂ ਬਾਹਰੀ ਉਮੀਦਵਾਰ ਉਤਾਰਨ ਦੀ ਬਜਾਏ ਇੱਥੋਂ ਦੇ ਜੰਮਪਲ ਵਿਅਕਤੀ ਨੂੰ ਹੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਭਰਵੇਂ ਇਕੱਠ ਦੌਰਾਨ ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਦੇ ਹੱਕ ’ਚ ਵੀ ਕਈ ਆਵਾਜ਼ਾਂ ਉੱਠੀਆਂ। ਇਕੱਠ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਲੰਮੇ ਸਮੇਂ ਤੋਂ ਕਈ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ-ਸਮੇਂ ’ਤੇ ਬਾਹਰੋਂ ਆਏ ਉਮੀਦਵਾਰਾਂ ਨੇ ਇੱਥੋਂ ਚੋਣਾਂ ਜਿੱਤੀਆਂ, ਪਰ ਹਲਕੇ ਦੀਆਂ ਲੋੜਾਂ ਅਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਵਿਕਾਸ ਨਹੀਂ ਹੋ ਸਕਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਹਲਕੇ ਵਿੱਚੋਂ ਹੋਣ ਵਾਲੀ ਮਾਈਨਿੰਗ ਰਾਹੀਂ ਲੱਖਾਂ-ਕਰੋੜਾਂ ਰੁਪਏ ਦੇ ਸਰੋਤਾਂ ਦਾ ਲਾਭ ਬਾਹਰਲੇ ਖੇਤਰਾਂ ਨੂੰ ਮਿਲਦਾ ਰਿਹਾ, ਜਦਕਿ ਸਥਾਨਕ ਲੋਕਾਂ ਨੂੰ ਉਮੀਦ ਅਨੁਸਾਰ ਫਾਇਦਾ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ’ਚ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਸਹੂਲਤਾਂ ਦਾ ਲਾਭ ਵੀ ਸਥਾਨਕ ਲੋਕਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚਿਆ। ਸਿਹਤ ਸਹੂਲਤਾਂ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਲਾਕੇ ’ਚ ਅੱਜ ਵੀ ਇੱਕ ਵੱਡੇ ਅਤੇ ਆਧੁਨਿਕ ਹਸਪਤਾਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਠੋਸ ਉਪਰਾਲਿਆਂ ਦੀ ਲੋੜ ਹੈ, ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਨਾ ਜਾਣਾ ਪਵੇ। ਇਸ ਦੇ ਨਾਲ ਹੀ ਬੁਲਾਰਿਆਂ ਨੇ ਹਲਕੇ ’ਚ ਨਸ਼ਿਆਂ ਦੀ ਵਧ ਰਹੀ ਸਮੱਸਿਆ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪਿੰਡਾਂ ਦੇ ਵਿਕਾਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਹਲਕੇ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਹਲਕੇ ਦੀ ਨੁਮਾਇੰਦਗੀ ਅਜਿਹੇ ਵਿਅਕਤੀ ਦੇ ਹੱਥ ’ਚ ਹੋਣੀ ਚਾਹੀਦੀ ਹੈ, ਜੋ ਇੱਥੋਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਦਾ ਹੋਵੇ ਅਤੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਹੋਵੇ। ਇਸ ਮੌਕੇ ਕੁਲਵੰਤ ਸਿੰਘ ਬਾਠ, ਅਮਰਜੀਤ ਸਿੰਘ ਵਾਲੀਆ, ਜਸਵੀਰ ਸਿੰਘ ਟਿੱਕਾ ਭਲਾਣ, ਗੁਰਨਾਮ ਸਿੰਘ ਠੇਕੇਦਾਰ, ਡਾ. ਦੀਵਾਨ, ਪ੍ਰਦੀਪ ਸੋਨੀਨੰਗਲ , ਰਣਜੀਤ ਸਿੰਘ ਓਲੰਪੀਅਨ, ਪਰਮਜੀਤ ਸਿੰਘ ਓਲੰਪੀਅਨ, ਹਰਜਿੰਦਰ ਸਿੰਘ ਗੱਜਪੁਰ, ਬਲਵੀਰ ਸਿੰਘ ਭੀਰੀ, ਕੈਪਟਨ ਬਹਾਦਰ ਸਿੰਘ, ਹੈੱਡ ਕਲਰਕ ਸ਼ਿਵ ਕੁਮਾਰ, ਕੈਪਟਨ ਸਵਿਕਰ ਚੰਦ, ਡਾਕਟਰ ਖੁਸ਼ਹਾਲ ਸਿੰਘ ਬਾਰੂਵਾਲ,ਐਡਵੋਕੇਟ ਪਰਮਵੀਰ ਸਿੰਘ ਰਾਣਾ, ਰਾਜਿੰਦਰ ਸਿੰਘ ਰਾਣਾ, ਭੁਪਿੰਦਰ ਸਿੰਘ, ਬਲਬੀਰ ਸਿੰਘ ਭੀਰੀ, ਅਮਨ ਕੋਚ, ਜੁਗਰਾਜ ਸਿੰਘ ਬਿੱਲੂ, ਅਤੇ ਸੁਰਿੰਦਰ ਸਿੰਘ ਢੇਰ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ। ਇਕੱਠ ਦੌਰਾਨ ਉੱਠੀ ਮੁੱਖ ਮੰਗ ਇਹ ਰਹੀ ਕਿ ਹਲਕੇ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਸਥਾਨਕ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ।