ਨੌਜਵਾਨਾਂ ਨੂੰ ਖੇਡਾਂ ਤੇ ਰੁਜ਼ਗਾਰ ਨਾਲ ਜੋੜਨਾ ਜ਼ਰੂਰੀ: ਡਾ. ਸੁਭਾਸ਼ ਸ਼ਰਮਾ ਨਸ਼ਿਆਂ ਅਤੇ ਬੇਰੁਜ਼ਗਾਰੀ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਖੇਡਾਂ ਅਤੇ ਰੁਜ਼ਗਾਰ ਨਾਲ ਜੋੜਨਾ ਜ਼ਰੂਰੀ: ਡਾ. ਸੁਭਾਸ਼ ਸ਼ਰਮਾ
Publish Date: Sun, 25 Oct 2026 05:31 PM (IST)
Updated Date: Sun, 25 Oct 2026 05:34 PM (IST)
ਨਮੋ ਕ੍ਰਿਕਟ ਲੀਗ ਦੇ ਦੂਜੇ ਕ੍ਰਿਕਟ ਮੁਕਾਬਲੇ ਦਾ ਡਾ. ਸੁਭਾਸ਼ ਸ਼ਰਮਾ ਨੇ ਕੀਤਾ ਉਦਘਾਟਨ 16 ਟੀਮਾਂ ਲੈ ਰਹੀਆਂ ਹਨ ਹਿੱਸਾ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ੍ਰੀ ਆਨੰਦਪੁਰ ਸਾਹਿਬ ਮੰਡਲ ਦੇ ਪਿੰਡ ਦੋਲੋਵਾਲ ਲੋਅਰ ਵਿਖੇ ਕਰਵਾਈ ਜਾ ਰਹੀ ਨਮੋ ਕ੍ਰਿਕਟ ਲੀਗ ਦੇ ਦੂਜੇ ਕ੍ਰਿਕਟ ਮੁਕਾਬਲੇ ਦਾ ਉਦਘਾਟਨ ਕੀਤਾ। ਇਸ ਮੁਕਾਬਲੇ ’ਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਭਾਜਪਾ ਦੇ ਵੱਡੀ ਗਿਣਤੀ ’ਚ ਕਾਰਕੁਨ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਗੰਭੀਰ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ’ਚ ਅਨੁਸ਼ਾਸਨ, ਟੀਮ ਭਾਵਨਾ, ਅਗਵਾਈ ਦੇ ਗੁਣ ਅਤੇ ਉਸਾਰੂ ਸੋਚ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣਾ ਸਮੇਂ ਦੀ ਲੋੜ ਹੈ। ਸਾਡਾ ਉਦੇਸ਼ ਸਿਰਫ਼ ਕ੍ਰਿਕਟ ਮੁਕਾਬਲੇ ਕਰਵਾਉਣਾ ਹੀ ਨਹੀਂ, ਸਗੋਂ ਖੇਡਾਂ ਰਾਹੀਂ ਨੌਜਵਾਨਾਂ ਨੂੰ ਇੱਕ ਉਸਾਰੂ ਮੰਚ ਪ੍ਰਦਾਨ ਕਰਨਾ ਵੀ ਹੈ। ਆਉਣ ਵਾਲੇ ਦਿਨਾਂ ’ਚ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ, ਹਾਕੀ ਅਤੇ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖੇਡ ਗਤੀਵਿਧੀਆਂ ਨਾਲ ਜੁੜ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਡਾ. ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਖੇਡਾਂ ਤੱਕ ਸੀਮਤ ਨਹੀਂ ਰਹਿ ਸਕਦਾ। ਨਸ਼ਿਆਂ ਦੇ ਨਾਲ-ਨਾਲ ਬੇਰੁਜ਼ਗਾਰੀ ਵੀ ਇੱਕ ਵੱਡੀ ਚੁਣੌਤੀ ਹੈ। ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਇਨ੍ਹਾਂ ਦਾ ਲਾਭ ਉਠਾ ਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਅਤੇ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਸੁਬੇਗ ਸਿੰਘ, ਸੀਨੀਅਰ ਆਗੂ ਕਿਸ਼ਨ ਸਿੰਘ ਸੂਬਾ, ਗੁਰਚਰਨ ਸ਼ਾਦੀ, ਪ੍ਰਦੀਪ ਕੋਟਲਾ, ਦਿਲਜੀਤ ਮਾਂਗੇਵਾਲ, ਅਮਰ ਸੋਢੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ ’ਚ ਕਾਰਕੁਨ ਹਾਜ਼ਰ ਸਨ।