ਪੰਜਾਬ ਹਿਮਾਚਲ ਸਰਹੱਦ ’ਤੇ ਬੀਅਰ ਦੀਆਂ 72 ਪੇਟੀਆਂ ਬਰਾਮਦ, 2 ਨੌਜਵਾਨ ਕਾਬੂ ਪੰਜਾਬ ਹਿਮਾਚਲ ਸਰਹੱਦ ’ਤੇ ਬਲੈਨੋ ਅਤੇ ਸਕਾਰਪਿਓ ਤੋਂ ਬੀਅਰ ਦੀਆਂ 72 ਪੇਟੀਆਂ ਬਰਾਮਦ
Publish Date: Sun, 25 Oct 2026 04:55 PM (IST)
Updated Date: Sun, 25 Oct 2026 04:58 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰ ’ਚ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਸਵਾਰਘਾਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਾਣਕਾਰੀ ਅਨੁਸਾਰ, ਪੁਲਿਸ ਥਾਣਾ ਸਵਾਰਘਾਟ ਦੀ ਟੀਮ ਨੇ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਕੈਂਚੀਮੋੜ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕਰਦੇ ਸਮੇਂ ਪੁਲਿਸ ਨੇ ਇੱਕ ਮਾਰੂਤੀ ਬਲੈਨੋ ਅਤੇ ਇੱਕ ਮਹਿੰਦਰਾ ਸਕਾਰਪਿਓ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਦੋਵੇਂ ਵਾਹਨਾਂ ’ਚੋਂ ਭਾਰੀ ਮਾਤਰਾ ’ਚ ਬੀਅਰ ਬਰਾਮਦ ਹੋਈ। ਬਲੈਨੋ ਕਾਰ ’ਚੋਂ ਬੀਅਰ ਦੀਆਂ 33 ਪੇਟੀਆਂ ਅਤੇ ਸਕਾਰਪਿਓ ’ਚੋਂ 39 ਪੇਟੀਆਂ ਬਰਾਮਦ ਹੋਈਆਂ। ਪੁਲਿਸ ਨੇ ਕੁੱਲ 72 ਪੇਟੀਆਂ ਬੀਅਰ ਮੌਕੇ ’ਤੇ ਹੀ ਜ਼ਬਤ ਕਰ ਲਈਆਂ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ। ਪੁਲਿਸ ਨੇ ਮੌਕੇ ’ਤੇ ਮੌਜੂਦ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁੰਦਰ ਸਿੰਘ ਉਮਰ 26 ਸਾਲ ਪੁੱਤਰ ਮੇਘ ਸਿੰਘ ਅਤੇ ਪੁਸ਼ਪਦੇਵ ਉਮਰ 26 ਸਾਲ ਪੁੱਤਰ ਬਹਾਦੁਰ ਸਿੰਘ, ਦੋਵੇਂ ਵਾਸੀ ਪਿੰਡ ਜਿੰਦੇੜ, ਡਾਕਘਰ ਬੰਦਰੋਲ, ਤਹਿਸੀਲ ਅਤੇ ਜ਼ਿਲ੍ਹਾ ਕੁੱਲੂ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਹ ਖੇਪ ਕੁੱਲੂ ਤੋਂ ਬਿਲਾਸਪੁਰ ਹੁੰਦੇ ਹੋਏ ਪੰਜਾਬ ਵੱਲ ਲਿਜਾਈ ਜਾ ਰਹੀ ਸੀ ਜਿਸ ਨੂੰ ਪੰਜਾਬ ਅੰਦਰ ਮਹਿੰਗੇ ਭਾਅ ਵੇਚਿਆ ਜਾਣਾ ਸੀ। ਪੁਲਿਸ ਨੇ ਇਸ ਸਬੰਧੀ ਥਾਣਾ ਸਵਾਰਘਾਟ ’ਚ ਹਿਮਾਚਲ ਪ੍ਰਦੇਸ਼ ਆਬਕਾਰੀ ਐਕਟ ਦੀ ਧਾਰਾ 39(1)(A) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਬਤ ਕੀਤੀ ਸ਼ਰਾਬ ਅਤੇ ਵਾਹਨਾਂ ਦੀ ਜਾਂਚ ਜਾਰੀ ਹੈ। ਇਸ ਵੱਡੀ ਕਾਰਵਾਈ ਬਾਰੇ ਐਸ, ਪੀ ਬਿਲਾਸਪੁਰ ਅਭਿਸ਼ੇਕ ਧੀਮਾਨ ਨੇ ਕਿਹਾ ਕਿ ਜ਼ਿਲ੍ਹੇ ’ਚ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਕਿਸੇ ਵੀ ਕੀਮਤ ’ਤੇ ਪਨਪਣ ਨਹੀਂ ਦਿੱਤਾ ਜਾਵੇਗਾ।