ਔਰਤਾਂ ਦੀ ਭਲਾਈ ਲਈ ਸਖੀਆਂ ਨਾਲ ਰੂਬਰੂ ਹੋਏ ਨੀਸ਼ਾ ਚੱਢਾ ਔਰਤਾਂ ਦੀ ਭਲਾਈ ’ਤੇ ਪਿੰਡਾਂ ਦੇ ਵਿਕਾਸ ਲਈ ਸਖੀਆਂ ਨਾਲ ਰੂਬਰੂ ਹੋਏ ਨੀਸ਼ਾ ਚੱਢਾ
Publish Date: Sat, 24 Oct 2026 06:42 PM (IST)
Updated Date: Sat, 24 Oct 2026 06:43 PM (IST)
ਵਿਧਾਇਕ ਦਿਨੇਸ਼ ਚੱਢਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ’ਤੇ ਹੋਈ ਚਰਚਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਧਰਮ ਪਤਨੀ ਮੈਡਮ ਨੀਸ਼ਾ ਚੱਢਾ ਨੇ ਨੂਰਪੁਰਬੇਦੀ ਸਥਿਤ ਵਿਧਾਇਕ ਦੇ ਦਫ਼ਤਰ ਵਿਖੇ ਵੱਖ-ਵੱਖ ਪਿੰਡਾਂ ਦੀਆਂ ਸਖੀਆਂ ਨਾਲ ਮੀਟਿੰਗ ਕਰਕੇ ਔਰਤਾਂ ਦੀ ਭਲਾਈ, ਸਰਕਾਰ ਦੇ ਲੋਕ ਪੱਖੀ ਉਪਰਾਲਿਆਂ ਅਤੇ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ’ਚ ਆਬਾਦੀ ਟੱਪਰੀਆਂ, ਚਬਰੇਵਾਲ, ਘਾਹੀ ਮਾਜਰਾ, ਹਿਆਤਪੁਰ, ਕਰੂਰਾ, ਕੱਟਾ, ਕਰੂਰਾ ਖੁਰਦ, ਰੂੜੇਮਾਜਰਾ, ਸਬੋਰ, ਸਾਊਪੁਰ ਅਤੇ ਸੁੱਖੇ ਮਜਰਾ ਸਮੇਤ ਵੱਖ-ਵੱਖ ਪਿੰਡਾਂ ਦੀਆਂ ਸਖੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨੀਸ਼ਾ ਚੱਢਾ ਨੇ ਕਿਹਾ ਕਿ ਔਰਤਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਸੁਝਾਅ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ’ਚ ਸਹਾਈ ਹੋ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ। ਮੈਡਮ ਨੀਸ਼ਾ ਚੱਢਾ ਨੇ ਹਲਕਾ ਰੂਪਨਗਰ ’ਚ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੰਡਾਂ ’ਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਪਿੰਡਾਂ ਦੇ ਵਿਕਾਸ, ਲੋਕ ਭਲਾਈ ਦੇ ਕੰਮਾਂ ਅਤੇ ਔਰਤਾਂ ਦੀ ਸਮਾਜਿਕ ਗਤੀਵਿਧੀਆਂ ’ਚ ਸਰਗਰਮ ਭਾਗੀਦਾਰੀ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਸਖੀਆਂ ਨੇ ਵੀ ਮੀਟਿੰਗ ’ਚ ਹਿੱਸਾ ਲਿਆ।