ਭਰੇ ਬਾਜ਼ਾਰ ’ਚੋਂ ਸਕੂਟਰੀ ਚੋਰੀ
ਗੁਰੂ ਨਗਰੀ ਵਿੱਚ ਚੋਰੀਆਂ ਦਾ ਸਿਲਸਿਲਾ ਜਾਰੀ ਭਰੇ ਬਾਜ਼ਾਰ ਵਿੱਚੋਂ ਸਕੂਟਰੀ ਚੋਰੀ
Publish Date: Sat, 24 Oct 2026 06:40 PM (IST)
Updated Date: Sat, 24 Oct 2026 06:43 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਗੁਰੂ ਨਗਰੀ ਅਨੰਦਪੁਰ ਸਾਹਿਬ ’ਚ ਵਾਹਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਅੱਜ ਫਿਰ ਸ਼ਹਿਰ ਦੇ ਭਰੇ ਬਾਜ਼ਾਰ ਵਿੱਚੋਂ ਇੱਕ ਅਣਪਛਾਤਾ ਨੌਜਵਾਨ ਸਕੂਟਰੀ ਚੋਰੀ ਕਰਕੇ ਫਰਾਰ ਹੋ ਗਿਆ। ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਹੈ। ਪੀੜਤ ਲਖਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਨੇ ਦੱਸਿਆ ਕਿ ਉਹ ਪਿੰਡ ’ਚ ਢਾਬਾ ਚਲਾਉਂਦਾ ਹੈ। ਅੱਜ ਉਹ ਢਾਬੇ ਲਈ ਸਮਾਨ ਖਰੀਦਣ ਵਾਸਤੇ ਕਲਗੀਧਰ ਮਾਰਕੀਟ ਆਇਆ ਸੀ। ਉਸ ਨੇ ਆਪਣੀ ਜੂਪੀਟਰ ਸਕੂਟਰੀ ਨੰਬਰ ਪੀਬੀ 16 ਜੀ 3054 ਇੱਕ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਤੇ ਖਰੀਦਦਾਰੀ ਕਰਨ ਲਈ ਅੰਦਰ ਚਲਾ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਇੱਕ ਅਣਪਛਾਤਾ ਨੌਜਵਾਨ ਦੁਕਾਨ ’ਚ ਆਇਆ ਅਤੇ ਬਾਹਰ ਜਾ ਕੇ ਸਕੂਟਰੀ ਕੋਲ ਖੜ੍ਹਾ ਹੋ ਗਿਆ। ਮੌਕਾ ਮਿਲਦਿਆਂ ਹੀ ਉਸ ਨੇ ਚਾਬੀ ਲਗਾ ਕੇ ਸਕੂਟਰੀ ਭਜਾ ਲਈ। ਜਦੋਂ ਉਹ ਬਾਹਰ ਪਹੁੰਚਿਆ ਤਾਂ ਮੁਲਜ਼ਮ ਕਾਫੀ ਦੂਰ ਜਾ ਚੁੱਕਾ ਸੀ। ਦੁਕਾਨਦਾਰ ਨੇ ਵੀ ਮੋਟਰਸਾਈਕਲ ਰਾਹੀਂ ਚੋਰ ਦਾ ਪਿੱਛਾ ਕੀਤਾ, ਪਰ ਉਹ ਹੱਥ ਨਹੀਂ ਆਇਆ। ਪੀੜਤ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਤੋਂ ਚੋਰੀਆਂ ਨੂੰ ਰੋਕਣ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।