- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਵਿਖੇ ਦੋ ਰੋਜ਼ਾ ਖੇਡ ਸਮਾਗਮ ਇਨਾਮ ਵੰਡ ਸਮਾਰੋਹ ਨਾਲ ਸੰਪੰਨ

ਡੀਆਈਜੀ ਦਲਜੀਤ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਬਾਬਾ ਗੁਰਦਿੱਤਾ ਐਜੂਕੇਸ਼ਨ ਸੁਸਾਇਟੀ ਡੂਮੇਵਾਲ ਵੱਲੋਂ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੇ ਕੈਂਪਸ ’ਚ ਕਰਵਾਇਆ ਗਿਆ ਦੋ ਰੋਜ਼ਾ ਖੇਡ ਸਮਾਗਮ ਇਨਾਮ ਵੰਡ ਸਮਾਰੋਹ ਨਾਲ ਸੰਪੰਨ ਹੋ ਗਿਆ। ਸਮਾਗਮ ਦੌਰਾਨ ਸਕੂਲ ਦੇ ਮਿਡਲ ਅਤੇ ਸੀਨੀਅਰ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ।
ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਰਾਜਿੰਦਰ ਕਿਸਾਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਸਾਲ ਖੇਡ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਆਈਜੀ ਦਲਜੀਤ ਸਿੰਘ ਰਾਣਾ, ਜੋ ਜੈਵਲਿਨ ਥਰੋਅ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਏਸ਼ੀਅਨ ਗੋਲਡ ਮੈਡਲ ਜੇਤੂ ਹਨ, ਨੇ ਵਿਦਿਆਰਥੀਆਂ ਨੂੰ ਖੇਡਾਂ ’ਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀਆਂ ਹਨ।ਖੇਡ ਮੁਕਾਬਲਿਆਂ ’ਚ ਕਬੱਡੀ, ਖੋ-ਖੋ, ਰੱਸਾਕਸ਼ੀ, ਵਾਲੀਬਾਲ, 100 ਅਤੇ 200 ਮੀਟਰ ਦੌੜਾਂ ਅਤੇ ਲੰਬੀ ਛਾਲ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਦਲਜੀਤ ਸਿੰਘ ਰਾਣਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਖੇਡ ਸਮਾਗਮ ਕੋਆਰਡੀਨੇਟਰ ਸੰਜੀਵ ਕੁਮਾਰ ਅਤੇ ਅਧਿਆਪਕਾਂ ਸੁਖਬੀਰ ਸਿੰਘ ਤੇ ਮਨਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਡਾਇਰੈਕਟਰ ਰਾਜਿੰਦਰ ਕਿਸਾਨਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਮਿਹਨਤ ਕਰਨ ਵਾਲੇ ਸਮੂਹ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਸਿਮਰਨ ਕਿਸਾਨਾਂ ਤੋਂ ਇਲਾਵਾ ਸੰਜੀਵ ਕੁਮਾਰ, ਸੁਖਬੀਰ ਸਿੰਘ, ਮਨਦੀਪ ਸਿੰਘ, ਮਨੀਸ਼ਾ ਰਾਣੀ, ਰਮਨਦੀਪ ਕੌਰ, ਹਰਸ਼ਦੀਪ ਕੌਰ, ਤਾਨੀਆ, ਮੀਨਾ ਦੇਵੀ ਅਤੇ ਰੁਪਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।