ਸਕੂਲ ਆਫ ਐਮੀਨਸ ਵਿਖੇ ਪ੍ਰਿੰਸੀਪਲ ਤੇ ਅਧਿਆਪਕਾਂ ਸਮੇਤ 16 ਅਸਾਮੀਆਂ ਖਾਲੀ ਸਕੂਲ ਆਫ ਐਮੀਨਸ ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਿੰਸੀਪਲ ਅਤੇ 7 ਵਿਸ਼ਿਆਂ ਦੇ ਅਧਿਆਪਕਾਂ ਸਮੇਤ 16 ਅਸਾਮੀਆਂ ਖਾਲੀ
Publish Date: Sat, 24 Oct 2026 06:21 PM (IST)
Updated Date: Sat, 24 Oct 2026 06:22 PM (IST)
700 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਸਕੂਲ ਆਫ਼ ਐਮੀਨੈਂਸ ’ਚ ਸਟਾਫ਼ ਦੀ ਕਮੀ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਚ ਚਿੰਤਾ ਵੱਧ ਰਹੀ ਹੈ, ਕਿਉਂਕਿ ਕੁਝ ਸਮੇਂ ਬਾਅਦ ਪ੍ਰਿਖਿਆ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਇਸ ਨਾਲ ਸਟਾਫ਼ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨਸ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਖਰਚ ਕੇ ਵੱਡੀਆਂ ਬਿਲਡਿੰਗਾਂ ਉਸਾਰੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਪੰਜਾਬ ਦੇ ਮਾਡਲ ਦੇ ਰੂਪ ’ਚ ਬਣਾਇਆ ਜਾ ਰਿਹਾ ਹੈ, ਪਰ ਅਧਿਆਪਕਾਂ ਦੀ ਕਮੀ ਇਸ ਨੂੰ ਦਾਗ਼ਦਾਰ ਕਰ ਰਹੀ ਹੈ। ਦੱਸਣ ਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਇਸ ਸਕੂਲ ’ਚ ਪ੍ਰਿੰਸੀਪਲ ਸਮੇਤ 16 ਅਸਾਮੀਆਂ ਖਾਲੀ ਹਨ। ਸਕੂਲ ’ਚ ਲਗਭਗ 700 ਵਿਦਿਆਰਥੀ ਪੜ੍ਹ ਰਹੇ ਹਨ। ਸੱਤ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ’ਚ ਮੁਸ਼ਕਲ ਆ ਰਹੀ ਹੈ। ਇਲਾਕਾ ਨਿਵਾਸੀਆਂ ਵੱਲੋਂ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਗਿਆ ਹੈ ਕਿ ਸਕੂਲ ਆਫ਼ ਐਮੀਨੈਂਸ ਬਣਾਉਣ ਦੇ ਬਾਵਜੂਦ ਜੇਕਰ ਲੋੜੀਂਦਾ ਸਟਾਫ਼ ਹੀ ਨਹੀਂ ਹੈ ਤਾਂ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਕਿਵੇਂ ਮਿਲੇਗੀ। ਇਸ ਸਬੰਧੀ ਸਕੂਲ ਦੀ ਆਰਜ਼ੀ ਪ੍ਰਿੰਸੀਪਲ ਸਿਖਾਂ ਅਰੋੜਾ ਨੇ ਦੱਸਿਆ ਕਿ ਸਕੂਲ ’ਚ ਪ੍ਰਿੰਸੀਪਲ ਸਮੇਤ 16 ਅਸਾਮੀਆਂ ਖਾਲੀ ਹਨ ਜਿਨਾਂ ’ਚ ਇਕ ਪ੍ਰਿੰਸੀਪਲ, ਪੰਜਾਬੀ ਲੈਕਚਰਾਰ ਦੋ, ਅੰਗਰੇਜ਼ੀ ਲੈਕਚਰਾਰ ਇੱਕ, ਅਰਥ ਸ਼ਾਸਤਰੀ ਲੈਕਚਰਾਰ ਇੱਕ, ਇਤਿਹਾਸ ਲੈਕਚਰਾਰ ਇੱਕ, ਕਮਰਸ ਲੈਕਚਰਾਰ ਇਕ, ਸਾਇੰਸ ਮਿਸਟਰੈਸ ਇੱਕ, ਅੰਗਰੇਜ਼ੀ ਮਿਸਟਰੈਸ ਇੱਕ, ਪੰਜਾਬੀ ਮਿਸਟਰੈਸ ਇੱਕ, ਆਰਟ ਐਂਡ ਕ੍ਰਾਫਟ ਅਧਿਆਪਕ ਇੱਕ, ਚਪੜਾਸੀ ਇੱਕ, ਵਰਕਸ਼ਾਪ ਅਟੈਂਡਸ ਇਕ, ਬਾਇਲੋਜੀ ਲੈਕਚਰਾਰ ਇਕ, ਅਤੇ ਸਫਾਈ ਸੇਵਕ ਇੱਕ ਸਮੇਤ ਕੁੱਲ 16 ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਸਕੂਲ ’ਚ ਸਿੱਖਿਆ ਦੇ ਮਿਆਰ ਨੂੰ ਬਰਕਰਾਰ ਰੱਖਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੰਚਾਰੂ ਢੰਗ ਨਾਲ ਜਾਰੀ ਰੱਖਣ ਲਈ ਖਾਲੀ ਅਸਾਮੀਆਂ ਜਲਦ ਭਰੀਆਂ ਜਾਣ। ਉਨ੍ਹਾਂ ਮੰਨਿਆ ਕੀ ਸਕੂਲ ’ਚ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਕਮੀ ਕਾਰਨ ਪੜ੍ਹਾਈ ਸਮੇਤ ਸਕੂਲ ਦੇ ਕਾਰਜ ਪ੍ਰਭਾਵਿਤ ਹੋ ਰਹੇ ਹਨ ਅਤੇ ਕੁਝ ਹੀ ਸਮੇਂ ਬਾਅਦ ਪ੍ਰੀਖਿਆ ਦਾ ਦੌਰ ਵੀ ਸ਼ੁਰੂ ਹੋਣ ਵਾਲਾ ਹੈ ਇਸ ਲਈ ਸਿੱਖਿਆ ਵਿਭਾਗ ਨੂੰ ਜਲਦ ਅਧਿਆਪਕਾਂ ਸਮੇਤ ਸਕੂਲ ਸਟਾਫ਼ ਪੂਰਾ ਕਰਨ ਦੀ ਲੋੜ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਹੋਵੇਗੀ ਪ੍ਰਿੰਸੀਪਲ ਦੀ ਤਾਇਨਾਤੀ : ਡੀ. ਈ. ਓ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪ੍ਰਿੰਸੀਪਲ ਦੀ ਤਾਇਨਾਤੀ ਸਬੰਧੀ ਮਾਮਲਾ ਅਦਾਲਤ ’ਚ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਪ੍ਰਿੰਸੀਪਲ ਦੀ ਤਾਇਨਾਤੀ ਕੀਤੀ ਜਾਵੇਗੀ। ਕੁਝ ਮਹੀਨਿਆਂ ’ਚ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ ਸਕੂਲ ’ਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਕੁਝ ਮਹੀਨਿਆਂ ’ਚ ਸ਼ੁਰੂ ਹੋਣੀਆਂ ਹਨ। ਅਧਿਆਪਕਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਨੇ ਮੰਗੀ ਰਿਪੋਰਟ, ਜਲਦ ਨਵੇਂ ਅਧਿਆਪਕ ਤੈਨਾਤ ਕੀਤੇ ਜਾਣਗੇ : ਕਮਿੱਕਰ ਸਿੰਘ ਡਾਢੀ ਇਸ ਮਾਮਲੇ ’ਚ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਵੱਲੋਂ ਵੀ ਰਿਪੋਰਟ ਮੰਗੀ ਗਈ ਹੈ। ਅਧਿਕਾਰੀਆਂ ਨੂੰ ਸਕੂਲ ’ਚ ਸਟਾਫ਼ ਦੀ ਸਥਿਤੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਆਪਕਾਂ ਦੀ ਤਰੱਕੀ ਤੋਂ ਬਾਅਦ ਨਵੇਂ ਸਟੇਸ਼ਨ ਤੇ ਭੇਜਿਆ ਗਿਆ ਹੈ ਤੇ ਉਨ੍ਹਾਂ ਦੀ ਥਾਂ ਹੋਰ ਅਧਿਆਪਕ ਤੈਨਾਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸਕੂਲ ’ਚ ਨਵੇਂ ਅਧਿਆਪਕਾਂ ਦੀ ਤੈਨਾਤੀ ਕੀਤੀ ਜਾਵੇਗੀ ਜਿਨਾਂ ਅਧਿਆਪਕਾਂ ਵੱਲੋਂ ਚਾਰਜ ਨਹੀਂ ਲਿਆ ਗਿਆ ਉਨ੍ਹਾਂ ਖਿਲਾਫ ਵਿਭਾਗੀ ਪੜਤਾਲ ਕੀਤੀ ਜਾਵੇਗੀ।