ਭਾਜਪਾ ਵੱਲੋਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਭਾਜਪਾ ਨੇ ਕੀਤੀ ਕਾਰਜ਼ਕਾਰਨੀ ਦੀ ਮੀਟਿੰਗ
Publish Date: Sat, 24 Oct 2026 06:05 PM (IST)
Updated Date: Sat, 24 Oct 2026 06:07 PM (IST)
ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਪਰਮਿੰਦਰ ਸਿੰਘ ਝੋਟਾ ਨੂੰ ਮੋਨ ਰੱਖ ਦਿਤੀ ਸ਼ਰਧਾਜ਼ਲੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਮੰਡਲ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਮੰਦਰ ਵਿਖੇ ਹੋਈ। ਮੀਟਿੰਗ ’ਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ, ਜਦਕਿ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਐਡਵੋਕੇਟ ਅਰਵਿੰਦ ਮਿੱਤਲ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਹੁਦੇਦਾਰ ਹਾਜ਼ਰ ਹੋਏ। ਇਸ ਮੌਕੇ ਪਾਰਟੀ ਦੀ ਮਜ਼ਬੂਤੀ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਐਡਵੋਕੇਟ ਅਰਵਿੰਦ ਮਿੱਤਲ ਨੇ ਕਿਹਾ ਕਿ ਭਾਜਪਾ ਵਰਕਰਾਂ ਦਾ ਜੋਸ਼ ਕਦੇ ਠੰਢਾ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਰਟੀ ਸੰਘਰਸ਼ ਵਿੱਚੋਂ ਉੱਭਰੀ ਹੈ ਅਤੇ ਹੁਣ ਪੰਜਾਬ ’ਚ ਆਪਣੀ ਸਰਕਾਰ ਬਣਾਉਣ ਦੇ ਟੀਚੇ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਵਰਕਰਾਂ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇਕਜੁੱਟਤਾ ਨਾਲ ਕੰਮ ਕਰਨ ਅਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸਾਬਕਾ ਮੰਡਲ ਪ੍ਰਧਾਨ ਅਤੇ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਰਾਜੇਸ਼ ਚੌਧਰੀ ਨੇ ਵਰਕਰਾਂ ਨੂੰ ਪਾਰਟੀ ਦੇ ਸੁਨੇਹੇ ਤੋਂ ਜਾਣੂ ਕਰਵਾਉਂਦਿਆਂ ਨਸ਼ਿਆਂ ਵਿਰੁੱਧ ਜੰਗ ਵਿੱਢਣ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ ਨੇ ਸੁਝਾਅ ਦਿੱਤਾ ਕਿ ਤਿੰਨ ਤੋਂ ਪੰਜ ਪੋਲਿੰਗ ਬੂਥਾਂ ਲਈ ਮੀਤ ਪ੍ਰਧਾਨਾਂ ਨੂੰ ਇੰਚਾਰਜ ਲਗਾਇਆ ਜਾਵੇ, ਤਾਂ ਜੋ ਸ਼ਕਤੀ ਕੇਂਦਰਾਂ ਰਾਹੀਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਮੋਕੇ ਤੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਜ਼ਲੀ ਦਿੰਦੇ ਹੋਏ 1 ਮਿੰਟ ਦਾ ਮੋਨ ਵੀ ਰੱਖਿਆ ਗਿਆ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ , ਕੌਸਲਰ ਰਜਿੰਦਰ ਕੁਮਾਰ, ਹਰਮਨਜੀਤ ਸਿੰਘ ਪ੍ਰਿੰਸ ਸਾਬਕਾ ਮੰਡਲ ਪ੍ਰਧਾਨ , ਰਮਨ ਸ਼ਰਮਾ, ਅਲਕਾ ਐਰੀ, ਡਾ. ਕੁਮਾਰ, ਪ੍ਰਿੰਸ, ਕਾਲੀਆ, ਡਾ. ਜੀਵਨ, ਕੇ.ਕੇ. ਅੱਤਰੀ, ਰੋਹਿਤ ਸੰਦਲ, ਚੰਦਰ ਬਜਾਜ, ਵਿਸ਼ਾਲ ਸੰਦਲ, ਜਗਦੀਸ਼ ਚੋਪੜਾ, ਮਮਤਾ ਕਪਿਲਾ ਕੌਸਲਰ, ਗੁਰਵਿੰਦਰ ਹੈਪੀ, ਮਦਨ ਲਾਲ ਸਿੱਧੂ, ਐਡਵੋਕੇਟ ਮਾਰਕਨ, ਨਰੇਸ਼ ਚਾਵਲਾ, ਜਗਦੀਸ਼ ਚੋਪੜਾ, ਅਨਿਲ ਬਾਬੂ, ਸੁਸ਼ੀਲ ਚੋਪੜਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਕਾਰਜਕਾਰਨੀ ਮੀਟਿੰਗ ’ਚ ਲਏ ਫੈਸਲੇ ਕਾਰਜਕਾਰਨੀ ਦੀ ਮੀਟਿੰਗ ’ਚ ਫੈਸਲਾ ਲਿਆ ਗਿਆ ਕਿ 3 ਤੋਂ 5 ਬੂਥਾਂ ’ਤੇ ਇਕ ਇੰਚਾਰਜ ਲਗਾਇਆ ਜਾਵੇ ਜੋ ਬੂਥਾਂ ਤੇ ਮੀਟਿੰਗ ਕਰਕੇ ਨਰਿੰਦਰ ਭਾਈ ਮੋਦੀ ਦੇ ਕੰਮਾਂ ਅਤੇ ਸ਼ੰਦੇਸ਼ ਨੂੰ ਲੋਕਾਂ ਤਕ ਪਹੁੰਚਾਏ। ਇਨ੍ਹਾਂ ਮੀਟਿੰਗਾਂ ’ਚ ਬਜ਼ੁਰਗ, ਬੱਚੇ ਅਤੇ ਪੱਛੜੇ ਵਰਗਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਨਸ਼ੇ ਖਿਲਾਫ਼ ਮੁਹਿੰਮ ਚਲਾ ਕੇ ਵਿਸੇ਼ਸ਼ ਫਾਰਮਾਂ ਤੇ ਲੋਕਾਂ ਦੇ ਹਸਤਾਖਰ ਕਰਵਾਏ ਜਾਣ ਤੇ ਪਾਰਟੀ ਦੇ ਕੀਤੇ ਜਾ ਰਹੇ ਕੰਮਾਂ ਦੀ ਤਸਵੀਰ ਮੰਡਲ ਪ੍ਰਧਾਨ ਨੂੰ ਜ਼ਰੂਰ ਭੇਜੀ ਜਾਵੇ।