1 ਨਵੰਬਰ ਨੂੰ ਗੰਭੀਰਪੁਰ ’ਚ ਗਰਜੇਗਾ ਸਪੈਸ਼ਲ ਕਾਡਰ ਅਧਿਆਪਕ ਫਰੰਟ ਪੇਅ ਸਕੇਲ ’ਤੇ ਸੀ.ਐੱਸ.ਆਰ. ਦੇ ਹੱਕਾਂ ਲਈ 1 ਨਵੰਬਰ ਨੂੰ ਗੰਭੀਰਪੁਰ ’ਚ ਗਰਜੇਗਾ ਸਪੈਸ਼ਲ ਕਾਡਰ ਅਧਿਆਪਕ ਫਰੰਟ
Publish Date: Sat, 24 Oct 2026 05:39 PM (IST)
Updated Date: Sat, 24 Oct 2026 05:40 PM (IST)
ਸਰਕਾਰ ਮੀਟਿੰਗਾਂ ਤੇ ਭਰੋਸਿਆਂ ਦੀ ਰਾਜਨੀਤੀ ਛੱਡ ਕੇ ਠੋਸ ਹੱਲ ਕਰੇ : ਫਰੰਟ ਆਗੂ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੇਅ ਸਕੇਲ ਅਤੇ ਸੀ.ਐੱਸ.ਆਰ. ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸਪੈਸ਼ਲ ਕਾਡਰ ਅਧਿਆਪਕ ਫਰੰਟ ਵੱਲੋਂ 1 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਗੰਭੀਰਪੁਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਫਰੰਟ ਦੇ ਆਗੂਆਂ ਦਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮੋਗਾ, ਗੁਰਲਾਲ ਸਿੰਘ, ਅਨੁਭਵ ਗੁਪਤਾ ਅਤੇ ਵੀਰਪਾਲ ਸਿਧਾਣਾ ਨੇ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਲਟਕਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਬਣਦੇ ਹੱਕ ਨਹੀਂ ਮਿਲਦੇ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਫਰੰਟ ਆਗੂਆਂ ਨੇ ਕਿਹਾ ਕਿ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਦੀ ਸਬ-ਕਮੇਟੀ, ਸਿੱਖਿਆ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਨਾਲ ਕਈ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਪੇਅ ਸਕੇਲ ਅਤੇ ਸੀ.ਐੱਸ.ਆਰ. ਲਾਗੂ ਕਰਨ ਬਾਰੇ ਸਪੱਸ਼ਟ ਫ਼ੈਸਲਾ ਨਾ ਲੈਣਾ ਅਧਿਆਪਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੁਣ ਬਿਆਨਾਂ ਅਤੇ ਭਰੋਸਿਆਂ ਦੀ ਬਜਾਏ ਅਮਲੀ ਕਦਮ ਚੁੱਕੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮਨੋਰਥ ਪੱਤਰ ’ਚ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਫਰੰਟ ਦੇ ਦਾਅਵੇ ਅਨੁਸਾਰ ਰੈਗੂਲਰ ਕਰਨ ਦੀ ਪ੍ਰਕਿਰਿਆ ਦੌਰਾਨ ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕਾਂ ਅਨੁਸਾਰ ਤਨਖਾਹ ਅਤੇ ਸੇਵਾ ਲਾਭ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਿਰਫ਼ ਮਾਮੂਲੀ ਤਨਖਾਹ ਵਾਧੇ ਨਾਲ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਪੇਅ ਸਕੇਲ ਅਤੇ ਸੀ.ਐੱਸ.ਆਰ. ਲਾਗੂ ਕਰਨਾ ਅਧਿਆਪਕਾਂ ਦੇ ਭਵਿੱਖ ਅਤੇ ਸੇਵਾ ਸੁਰੱਖਿਆ ਨਾਲ ਜੁੜਿਆ ਅਹਿਮ ਮਸਲਾ ਹੈ। ਫਰੰਟ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਆਪਣਾ ਰਵੱਈਆ ਨਾ ਬਦਲਿਆ ਤਾਂ ਇਸ ਦਾ ਸਿਆਸੀ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਾਲਮਟੋਲ ਦੀ ਨੀਤੀ ਛੱਡ ਕੇ ਅਧਿਆਪਕਾਂ ਨੂੰ ਬਣਦੇ ਹੱਕ ਦੇਣੇ ਚਾਹੀਦੇ ਹਨ, ਤਾਂ ਜੋ ਉਹ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਤੋਂ ਮੁਕਤ ਹੋ ਸਕਣ। ਆਗੂਆਂ ਅਨੁਸਾਰ, 1 ਨਵੰਬਰ ਦੀ ਰੈਲੀ ’ਚ ਪੰਜਾਬ ਭਰ ਤੋਂ ਸਪੈਸ਼ਲ ਕਾਡਰ ਦੇ ਅਧਿਆਪਕ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ। ਰੈਲੀ ਦੀ ਤਿਆਰੀ ਲਈ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਟੀਮਾਂ ਦਾ ਗਠਨ ਕਰਕੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਭੀਰਪੁਰ ਦੀ ਰੈਲੀ ਰਾਹੀਂ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇਗਾ ਕਿ ਅਧਿਆਪਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਪਿੱਛੇ ਨਹੀਂ ਹਟਣਗੇ।