ਕਾਰਗਿਲ ਸ਼ਹੀਦ ਹਵਲਦਾਰ ਜਸਵੰਤ ਸਿੰਘ ਦੀ 27ਵੀਂ ਬਰਸੀ ਮਨਾਈ ਕਾਰਗਿਲ ਸ਼ਹੀਦ ਹਵਲਦਾਰ ਜਸਵੰਤ ਸਿੰਘ ਦੀ 27ਵੀਂ ਬਰਸੀ ਮਨਾਈ
Publish Date: Sat, 24 Oct 2026 05:29 PM (IST)
Updated Date: Sat, 24 Oct 2026 05:31 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਾਰਗਿਲ ਜੰਗ ਦੇ ਸ਼ਹੀਦ ਹਵਲਦਾਰ ਜਸਵੰਤ ਸਿੰਘ ਦੀ 27ਵੀਂ ਸ਼ਹੀਦੀ ਬਰਸੀ ਪਿੰਡ ਬਰੂਵਾਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਪਰਿਵਾਰ ਵੱਲੋਂ ਗੁਰੂ ਕਾ ਲੰਗਰ ਵੀ ਲਗਾਇਆ ਗਿਆ। ਸ਼ਹੀਦ ਦੀ ਸੁਪਤਨੀ ਕਮਲਜੀਤ ਕੌਰ, ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਹਵਲਦਾਰ ਜਸਵੰਤ ਸਿੰਘ ਡੀਪੀਐਮਟੀ-270 ਇੰਜਨੀਅਰ ਰੈਜੀਮੈਂਟ ’ਚ ਸੇਵਾ ਨਿਭਾਉਂਦੇ ਹੋਏ 22 ਅਕਤੂਬਰ 1999 ਨੂੰ ਕਾਰਗਿਲ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਸਮਰਪਣ ਅੱਜ ਵੀ ਇਲਾਕੇ ਦੇ ਲੋਕਾਂ ਲਈ ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦਾ ਪੁੱਤਰ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਭਾਰਤੀ ਫ਼ੌਜ ’ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਮਾਣ ਹੈ। ਇਸ ਮੌਕੇ ਸਾਬਕਾ ਡੀ ਆਈ ਜੀ ਦਲਜੀਤ ਸਿੰਘ ਰਾਣਾ,ਡਾਕਟਰ ਖੁਸ਼ਹਾਲ ਸਿੰਘ ਬਰੂਵਾਲ, ਤਰਲੋਚਨ ਸਿੰਘ ਪ੍ਰਿੰਸੀਪਲ ਪੀਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ , ਲੈਕਚਰਾਰ ਅਜੇ ਬੈਂਸ, ਸਪਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ,ਸੁਖਵਿੰਦਰ ਸਿੰਘ ,ਪ੍ਰਦੀਪ ਕੌਰ , ਦਲਜੀਤ ਕੌਰ , ਜਸਪ੍ਰੀਤ ਸਿੰਘ ਜਵਾਈ , ਮਨਜੀਤ ਕੌਰ , ਅਮਰੀਕ ਸਿੰਘ ਜਵਾਈ,ਬਲਵੀਰ ਸਿੰਘ ,ਦਰਸ਼ਨ ਸਿੰਘ ਬਰੂਵਾਲ, ਕੈਪਟਨ ਰਣਜੀਤ ਸਿੰਘ, ਪਰਮਜੀਤ ਸਿੰਘ ਨੱਕੀਆਂ, ਐਡਵੋਕੇਟ ਵਰਿੰਦਰ ਬੀਰ ਸਿੰਘ, ਬਿਕਰਮ ਸਿੰਘ ਰਾਣਾ, ਗੁਰਦੇਵ ਸਿੰਘ, ਦਲਵੀਰ ਸਿੰਘ ,ਮੈਡਮ ਪੂਜਾ, ਮੈਡਮ ਮਧੂਬਾਲਾ, ਦਲੇਰ ਸਿੰਘ ਦਬੂੜ, ਯਾਦਵਿੰਦਰ ਸਿੰਘ ਮਝੇੜ , ਸਤੀਸ਼ ਕੁਮਾਰ, ਸੁਰਿੰਦਰ ਸਿੰਘ, ਰਾਜਕੁਮਾਰ ਇਲਾਵਾ ਸ਼ਹੀਦ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ। 27 ਸਾਲ ਬਾਅਦ ਵੀ ਸ਼ਹੀਦ ਦੇ ਘਰ ਤੱਕ ਨਹੀਂ ਪਹੁੰਚਿਆ ਰਸਤਾ ਪਰਿਵਾਰਕ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਰਗਿਲ ਸ਼ਹੀਦ ਦਾ ਘਰ ਪਿੰਡ ਦੀ ਮੁੱਖ ਸੜਕ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਪਰ ਉੱਥੇ ਪਹੁੰਚਣ ਲਈ ਕੋਈ ਪੱਕਾ ਰਸਤਾ ਨਹੀਂ ਹੈ। ਘਰ ਤੱਕ ਜਾਣ ਲਈ ਖੇਤਾਂ ਦੀਆਂ ਵੱਟਾਂ ਅਤੇ ਬੰਨ੍ਹਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜਦੋਂ ਖੇਤਾਂ ’ਚ ਫ਼ਸਲ ਨਹੀਂ ਬੀਜੀ ਹੁੰਦੀ ਤਾਂ ਗੱਡੀਆਂ ਘਰ ਤੱਕ ਪਹੁੰਚ ਜਾਂਦੀਆਂ ਹਨ, ਪਰ ਫ਼ਸਲ ਬੀਜੀ ਹੋਣ ਸਮੇਂ ਵਾਹਨ ਮੁੱਖ ਸੜਕ ’ਤੇ ਹੀ ਖੜ੍ਹੇ ਕਰਨੇ ਪੈਂਦੇ ਹਨ। ਇਸ ਕਾਰਨ ਪਰਿਵਾਰ ਨੂੰ ਬੱਚਿਆਂ ਦੇ ਸਕੂਲ ਜਾਣ, ਰੋਜ਼ਾਨਾ ਦੇ ਕੰਮਕਾਜ ਅਤੇ ਐਮਰਜੈਂਸੀ ਹਾਲਾਤ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 10 ਸਾਲ ਪਹਿਲਾਂ ਤੋੜਿਆ ਬੋਰਡ ਮੁੜ ਨਹੀਂ ਲੱਗਿਆ ਪਰਿਵਾਰ ਨੇ ਦੱਸਿਆ ਕਿ ਕੌਮੀ ਮਾਰਗ ’ਤੇ ਸ਼ਹੀਦ ਹਵਲਦਾਰ ਜਸਵੰਤ ਸਿੰਘ ਦੀ ਯਾਦ ’ਚ ਸਥਾਪਿਤ ਕੀਤਾ ਗਿਆ ਯਾਦਗਾਰੀ ਬੋਰਡ ਸੜਕ ਦੇ ਨਿਰਮਾਣ ਦੌਰਾਨ ਲਗਭਗ 10 ਸਾਲ ਪਹਿਲਾਂ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਤੋੜ ਦਿੱਤਾ ਗਿਆ ਸੀ। ਉਸ ਸਮੇਂ ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਬੋਰਡ ਦੀ ਥਾਂ ਯਾਦਗਾਰੀ ਗੇਟ ਬਣਾਇਆ ਜਾਵੇਗਾ। ਪਰਿਵਾਰ ਅਨੁਸਾਰ ਇੱਕ ਦਹਾਕਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਯਾਦਗਾਰੀ ਗੇਟ ਬਣਾਇਆ ਗਿਆ ਅਤੇ ਨਾ ਹੀ ਬੋਰਡ ਮੁੜ ਸਥਾਪਿਤ ਕੀਤਾ ਗਿਆ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ’ਤੇ ਪਰਿਵਾਰ ਨੇ ਜਤਾਈ ਨਿਰਾਸ਼ਾ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੁੱਖ ਪ੍ਰਗਟਾਇਆ ਕਿ ਸ਼ਹੀਦ ਦੀ ਬਰਸੀ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਸ਼ਰਧਾਂਜਲੀ ਦੇਣ ਲਈ ਨਹੀਂ ਪਹੁੰਚਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਵਾਸੀ ਸੁਰੱਖਿਅਤ ਜੀਵਨ ਬਤੀਤ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਮਾਂ ਕੱਢਣਾ ਚਾਹੀਦਾ ਹੈ।