5 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ ਪੰਜ ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਨੂਰਪੁਰਬੇਦੀ ਪੁਲਿਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ
Publish Date: Sat, 24 Oct 2026 05:26 PM (IST)
Updated Date: Sat, 24 Oct 2026 05:28 PM (IST)
ਮੋਨੂੰ ਰਾਣਾ ਦਾ ਬੰਦਾ ਦੱਸ ਕੇ ਦਿੱਤੀ ਸੀ ਜਾਨੋਂ ਮਾਰਨ ਦੀ ਧਮਕੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਪੁਲਿਸ ਨੇ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ 12 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨੂਰਪੁਰ ਬੇਦੀ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਹਰਸਿਮਰਤ ਸਿੰਘ ਛੇਤਰਾ ਅਤੇ ਉਪ ਪੁਲਿਸ ਕਪਤਾਨ ਸ਼੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਬਜਰੂੜ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ ਉਰਫ਼ ਗੌਰਵ ਪੁੱਤਰ ਮਰਹੂਮ ਅਮਰੀਕ ਸਿੰਘ ਨੇ 22 ਅਕਤੂਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤਹਿਤ 21 ਅਕਤੂਬਰ ਨੂੰ ਸ਼ਾਮ ਕਰੀਬ 6.20 ਵਜੇ ਉਸ ਦੀ ਮਾਤਾ ਸੁਦੇਸ਼ ਕੁਮਾਰੀ ਦੇ ਮੋਬਾਈਲ ’ਤੇ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਜਦੋਂ ਉਸ ਨੇ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਹਰਿਆਣਵੀ ਲਹਿਜ਼ੇ ’ਚ ਗੱਲ ਕਰ ਰਹੇ ਵਿਅਕਤੀ ਨੇ ਆਪਣੇ ਆਪ ਨੂੰ ਅੰਬਾਲਾ ਤੋਂ ਮੋਨੂੰ ਰਾਣਾ ਦਾ ਬੰਦਾ ਦੱਸਿਆ। ਫੋਨ ਕਰਨ ਵਾਲੇ ਨੇ 25 ਅਕਤੂਬਰ ਤੱਕ ਪੰਜ ਲੱਖ ਰੁਪਏ ਦੇਣ ਦੀ ਮੰਗ ਕਰਦਿਆਂ ਧਮਕੀ ਦਿੱਤੀ ਕਿ ਪੈਸੇ ਨਾ ਮਿਲਣ ’ਤੇ ਉਸ ਦਾ ਸੜਕ ਹਾਦਸਾ ਕਰਵਾ ਦਿੱਤਾ ਜਾਵੇਗਾ ਜਾਂ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇਗਾ। ਉਸ ਨੇ ਸ਼ਰਨਜੀਤ ਸਿੰਘ ਦੇ ਵਿਦੇਸ਼ ਤੋਂ ਪਰਤੇ ਭਰਾ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਇਸ ਗੱਲਬਾਤ ਦੀ ਆਪਣੇ ਮੋਬਾਈਲ ’ਤੇ ਰਿਕਾਰਡਿੰਗ ਵੀ ਕਰ ਲਈ। ਸ਼ਿਕਾਇਤਕਰਤਾ ਅਨੁਸਾਰ, ਕੁਝ ਸਮੇਂ ਬਾਅਦ ਉਸ ਦੀ ਮਾਤਾ ਦੇ ਫੋਨ ’ਤੇ ਇੱਕ ਹੋਰ ਨੰਬਰ ਤੋਂ ਛੇ ਮਿਸਡ ਕਾਲਾਂ ਆਈਆਂ। ਸੱਤਵੀਂ ਵਾਰ ਫੋਨ ਚੁੱਕਣ ’ਤੇ ਪਤਾ ਲੱਗਿਆ ਕਿ ਫੋਨ ਕਰਨ ਵਾਲਾ ਉਨ੍ਹਾਂ ਦਾ ਗੁਆਂਢੀ ਪ੍ਰੇਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬਜਰੂੜ ਸੀ। ਸ਼ਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਪ੍ਰੇਮ ਸਿੰਘ ਨੇ ਹੀ ਆਪਣੀ ਆਵਾਜ਼ ਅਤੇ ਬੋਲਣ ਦਾ ਢੰਗ ਬਦਲ ਕੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਪੰਜ ਲੱਖ ਰੁਪਏ ਦੀ ਮੰਗ ਕੀਤੀ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ 22 ਅਕਤੂਬਰ ਨੂੰ ਪ੍ਰੇਮ ਸਿੰਘ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308(2) ਅਤੇ 62 ਤਹਿਤ ਮਾਮਲਾ ਨੰਬਰ 158 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਸੀ। 12 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਦੋ ਮੁਲਜ਼ਮ ਕਾਬੂ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਬਾਈਲ ਫੋਨ ਨਾਲ ਸਬੰਧਤ ਤਕਨੀਕੀ ਜਾਣਕਾਰੀ ਅਤੇ ਹੋਰ ਮਿਲੇ ਸੁਰਾਗਾਂ ਦੀ ਮਦਦ ਨਾਲ 12 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਪ੍ਰੇਮ ਸਿੰਘ ਅਤੇ ਉਸ ਨੂੰ ਮੋਬਾਈਲ ਸਿੰਮ ਮੁਹੱਈਆ ਕਰਵਾਉਣ ਵਾਲੇ ਸ਼ਾਮ ਲਾਲ ਪੁੱਤਰ ਜੈ ਪਾਲ ਵਾਸੀ ਪਿੰਡ ਨਾਲਕਾ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਨੁਸਾਰ, ਇਸ ਮਾਮਲੇ ’ਚ ਦੋ ਤੋਂ ਤਿੰਨ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰੇਮ ਸਿੰਘ ਵਿਰੁੱਧ ਅੰਬਾਲਾ (ਹਰਿਆਣਾ) ’ਚ ਨਸ਼ਾ ਤਸਕਰੀ ਨਾਲ ਸਬੰਧਤ ਦੋ ਮਾਮਲੇ ਪਹਿਲਾਂ ਹੀ ਦਰਜ ਹਨ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।