ਲਾਪਤਾ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਉਣ ’ਚ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਨੇ ਨਿਭਾਈ ਅਹਿਮ ਭੂਮਿਕਾ 15 ਦਿਨਾਂ ਤੋਂ ਲਾਪਤਾ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਨੇ ਨਿਭਾਈ ਅਹਿਮ ਭੂਮਿਕਾ
Publish Date: Sat, 24 Oct 2026 04:47 PM (IST)
Updated Date: Sat, 24 Oct 2026 04:49 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਮਾਜ ’ਚ ਅੱਜ ਵੀ ਇਨਸਾਨੀਅਤ ਅਤੇ ਸੇਵਾ ਭਾਵਨਾ ਦੀਆਂ ਅਜਿਹੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ, ਜੋ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਨੂਰਪੁਰ ਬੇਦੀ ਇਲਾਕੇ ’ਚ ਸਾਹਮਣੇ ਆਇਆ, ਜਿੱਥੇ ਪਿਛਲੇ ਲਗਭਗ 15 ਦਿਨਾਂ ਤੋਂ ਲਾਪਤਾ ਖਰੜ ਨਿਵਾਸੀ ਬਜ਼ੁਰਗ ਖੇਮ ਸਿੰਘ ਨੂੰ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਦੇ ਯਤਨਾਂ ਸਦਕਾ ਉਨ੍ਹਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ। ਜਾਣਕਾਰੀ ਅਨੁਸਾਰ, ਖੇਮ ਸਿੰਘ ਪਿਛਲੇ ਕਈ ਦਿਨਾਂ ਤੋਂ ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ’ਚ ਭੁੱਖੇ-ਪਿਆਸੇ ਘੁੰਮ ਰਹੇ ਸਨ। ਇਸ ਦੌਰਾਨ ਪਿੰਡ ਮਵਾਂ ਦੇ ਕੇਵਲ ਸਿੰਘ ਨੇ ਉਨ੍ਹਾਂ ਨੂੰ ਸੜਕ ’ਤੇ ਜਾਂਦੇ ਹੋਏ ਦੇਖਿਆ। ਬਜ਼ੁਰਗ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੇ ਮਨੁੱਖਤਾ ਦਾ ਫਰਜ਼ ਨਿਭਾਇਆ ਅਤੇ ਬਜ਼ੁਰਗ ਨੂੰ ਆਪਣੇ ਘਰ ਬੁਲਾ ਕੇ ਰੋਟੀ-ਪਾਣੀ ਖੁਆਇਆ। ਇਸ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਾਮਲਾ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਦੇ ਧਿਆਨ ’ਚ ਲਿਆਂਦਾ। ਸੰਸਥਾ ਦੇ ਨੁਮਾਇੰਦਿਆਂ ਨੇ ਬਜ਼ੁਰਗ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ ਲਈ ਯਤਨ ਸ਼ੁਰੂ ਕੀਤੇ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਖੇਮ ਸਿੰਘ ਦੀ ਭਾਲ ਕਰ ਰਹੇ ਸਨ। ਪਰਿਵਾਰ ਵੱਲੋਂ ਚੰਡੀਗੜ੍ਹ, ਮੋਹਾਲੀ ਅਤੇ ਹੋਰ ਕਈ ਇਲਾਕਿਆਂ ’ਚ ਵੀ ਭਾਲ ਕੀਤੀ ਗਈ ਸੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਬਜ਼ੁਰਗ ਦੇ ਲਾਪਤਾ ਹੋਣ ਕਾਰਨ ਪਰਿਵਾਰ ਕਾਫ਼ੀ ਚਿੰਤਤ ਸੀ। ਜਦੋਂ ਪਰਿਵਾਰ ਨੂੰ ਖੇਮ ਸਿੰਘ ਦੇ ਨੂਰਪੁਰ ਬੇਦੀ ਇਲਾਕੇ ’ਚ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਕਾਸ਼ ਰਾਣਾ, ਅਨੀਤਾ ਅਤੇ ਵਿਨੀਤਾ ਖਰੜ ਤੋਂ ਨੂਰਪੁਰ ਬੇਦੀ ਪਹੁੰਚੇ। ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਦੇ ਯਤਨਾਂ ਨਾਲ ਬਜ਼ੁਰਗ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੇਮੰਤ ਸੈਣੀ ਅਤੇ ਰਿਟਾਇਰਡ ਫੌਜੀ ਹਰਮਿੰਦਰ ਹੈਪੀ ਸੈਣੀ ਮਾਜਰਾ ਵੀ ਮੌਜੂਦ ਸਨ। ਸਰਵਿੰਗ ਹੈਂਡਸ ਵੈਲਫੇਅਰ ਸੁਸਾਇਟੀ ਦੀ ਇਸ ਪਹਿਲ ਅਤੇ ਪਿੰਡ ਮਵਾਂ ਦੇ ਕੇਵਲ ਸਿੰਘ ਦੀ ਇਨਸਾਨੀਅਤ ਨੇ ਇੱਕ ਪਰਿਵਾਰ ਦੀ 15 ਦਿਨਾਂ ਦੀ ਚਿੰਤਾ ਨੂੰ ਖੁਸ਼ੀ ’ਚ ਬਦਲਣ ’ਚ ਅਹਿਮ ਭੂਮਿਕਾ ਨਿਭਾਈ।