ਭਾਜਪਾ ’ਚ ‘ਸਥਾਨਕ ਬਨਾਮ ਬਾਹਰੀ’ ਦੀ ਜੰਗ ਤੇਜ਼ ਭਾਜਪਾ ’ਚ ‘ਸਥਾਨਕ ਬਨਾਮ ਬਾਹਰੀ’ ਦੀ ਜੰਗ ਤੇਜ਼
Publish Date: Sat, 24 Oct 2026 04:39 PM (IST)
Updated Date: Sat, 24 Oct 2026 04:40 PM (IST)
ਸਥਾਨਕ ਆਗੂ ਨੂੰ ਹੀ ਚੋਣ ਮੈਦਾਨ ’ਚ ਉਤਾਰਿਆ ਜਾਵੇ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅੰਦਰ ਉਮੀਦਵਾਰੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਪਾਰਟੀ ’ਚ ਇੱਕ ਪਾਸੇ ਸੂਬਾਈ ਆਗੂ ਡਾ. ਸੁਭਾਸ਼ ਸ਼ਰਮਾ ਦੀ ਦਾਅਵੇਦਾਰੀ ਨੂੰ ਲੈ ਕੇ ਸਮਰਥਕ ਸਰਗਰਮ ਹਨ, ਉੱਥੇ ਹੀ ਦੂਜੇ ਪਾਸੇ ਸਥਾਨਕ ਆਗੂਆਂ ਵੱਲੋਂ ਹਲਕੇ ਦੇ ਹੀ ਕਿਸੇ ਆਗੂ ਨੂੰ ਟਿਕਟ ਦੇਣ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਜਾ ਰਹੀ ਹੈ। ਇਸ ਤਰ੍ਹਾਂ ਭਾਜਪਾ ਅੰਦਰ ‘ਸਥਾਨਕ ਬਨਾਮ ਬਾਹਰੀ’ ਦਾ ਮੁੱਦਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਅੰਦਰੂਨੀ ਸਿਆਸਤ ਦਾ ਅਹਿਮ ਕੇਂਦਰ ਬਣਦਾ ਜਾ ਰਿਹਾ ਹੈ। ਭਾਜਪਾ ਦੇ ਸ੍ਰੀ ਆਨੰਦਪੁਰ ਸਾਹਿਬ ਮੰਡਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸਤਬੀਰ ਰਾਣਾ ਅਤੇ ਨੰਗਲ ਮੰਡਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਸਥਾਨਕ ਉਮੀਦਵਾਰ ਦੀ ਪੈਰਵੀ ਕਰਨ ਵਾਲੇ ਆਗੂਆਂ ’ਚ ਸ਼ਾਮਲ ਹਨ। ਦੋਵੇਂ ਆਗੂ ਲਗਾਤਾਰ ਇਹ ਦਲੀਲ ਦੇ ਰਹੇ ਹਨ ਕਿ ਹਲਕੇ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਲੋੜਾਂ ਅਤੇ ਇਲਾਕੇ ਦੀਆਂ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਾਲੇ ਸਥਾਨਕ ਆਗੂ ਨੂੰ ਹੀ ਚੋਣ ਮੈਦਾਨ ’ਚ ਉਤਾਰਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਦੋਵਾਂ ਆਗੂਆਂ ਵੱਲੋਂ ਬੀਤੇ ਦਿਨ ਹਲਕੇ ’ਚ ਸਰਗਰਮ ਸਾਬਕਾ ਡੀ.ਆਈ.ਜੀ ਦਲਜੀਤ ਰਾਣਾ ਦੇ ਨਿਵਾਸ ਸਥਾਨ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਦਲਜੀਤ ਰਾਣਾ ਦੇ ਵੀ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਹੱਲੇ ਤੱਕ ਸਾਹਮਣੇ ਨਹੀਂ ਆਇਆ। ਇਸੇ ਕੜੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਵੀ ਸਥਾਨਕ ਉਮੀਦਵਾਰ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਭਾਜਪਾ ’ਚ ਸਰਗਰਮ ਭੂਮਿਕਾ ਨਿਭਾ ਰਹੇ ਬਾਠ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਵੀ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਹਲਕੇ ਦੀ ਨੁਮਾਇੰਦਗੀ ਕਰਨ ਵਾਲਾ ਉਮੀਦਵਾਰ ਸਥਾਨਕ ਮੁੱਦਿਆਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਸਥਾਨਕ ਆਗੂਆਂ ਦਾ ਤਰਕ ਹੈ ਕਿ ਬਾਹਰੋਂ ਆਏ ਉਮੀਦਵਾਰ ਚੋਣਾਂ ਜਿੱਤਣ ਤੋਂ ਬਾਅਦ ਇਲਾਕੇ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ, ਜਿਸ ਕਾਰਨ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦੇਣੀ ਜ਼ਰੂਰੀ ਹੈ। ਦੂਜੇ ਪਾਸੇ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੇ ਉਮੀਦਵਾਰ ਰਹੇ ਡਾ. ਸੁਭਾਸ਼ ਸ਼ਰਮਾ ਵੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਤਾ ਚੁੱਕੇ ਹਨ। ਪਾਰਟੀ ਦਾ ਇੱਕ ਧੜਾ ਉਨ੍ਹਾਂ ਦੀ ਅਗਵਾਈ ਹੇਠ ਹਲਕੇ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਸਰਗਰਮ ਹੈ। ਡਾ. ਸੁਭਾਸ਼ ਸ਼ਰਮਾ ਵੱਲੋਂ ਪਿੰਡ ਮਾਂਗੇਵਾਲ ’ਚ ਘਰ ਬਣਾਏ ਜਾਣ ਨੂੰ ਵੀ ਹਲਕੇ ਨਾਲ ਉਨ੍ਹਾਂ ਦੇ ਸਬੰਧਾਂ ਦੇ ਹਵਾਲੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਉਹ ਹਲਕੇ ’ਚ ਸਰਗਰਮ ਰਹੇ ਹਨ ਅਤੇ ਇਸ ਆਧਾਰ ’ਤੇ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਕਹਿਣਾ ਵਾਜਬ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਟਿਕਟ ਦੇਣ ਦਾ ਅਧਿਕਾਰ ਪਾਰਟੀ ਹਾਈਕਮਾਂਡ ਕੋਲ ਹੈ ਅਤੇ ਪਾਰਟੀ ਵੱਲੋਂ ਜਿਸ ਉਮੀਦਵਾਰ ਨੂੰ ਵੀ ਮੈਦਾਨ ’ਚ ਉਤਾਰਿਆ ਜਾਵੇਗਾ, ਭਾਜਪਾ ਵਰਕਰ ਉਸ ਦੀ ਜਿੱਤ ਲਈ ਕੰਮ ਕਰਨਗੇ। ਸ਼ੋਸ਼ਲ ਮੀਡੀਆ ਤੋਂ ਮੀਟਿੰਗਾਂ ਤੱਕ ਚੱਲ ਰਹੀ ਲਾਮਬੰਦੀ ਹਲਕੇ ’ਚ ਉਮੀਦਵਾਰੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਹੁਣ ਸਿਰਫ਼ ਅੰਦਰੂਨੀ ਚਰਚਾਵਾਂ ਤੱਕ ਸੀਮਤ ਨਹੀਂ ਰਹੀ। ਸਥਾਨਕ ਉਮੀਦਵਾਰ ਦੀ ਮੰਗ ਕਰਨ ਵਾਲੇ ਆਗੂ ਸੋਸ਼ਲ ਮੀਡੀਆ ਅਤੇ ਆਪਸੀ ਮੀਟਿੰਗਾਂ ਰਾਹੀਂ ਆਪਣਾ ਪੱਖ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ। ਹਾਲਾਂਕਿ ਅਜੇ ਤੱਕ ਪਾਰਟੀ ਵੱਲੋਂ ਉਮੀਦਵਾਰੀ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ, ਪਰ ਵੱਖ-ਵੱਖ ਆਗੂਆਂ ਦੀਆਂ ਸਰਗਰਮੀਆਂ ਨੇ ਹਲਕੇ ਦੀ ਸਿਆਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ।