ਨਸ਼ਾ ਮੁਕਤ ਯੁਵਾ ਵਿਸ਼ੇ ’ਤੇ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ ਨਸ਼ਾ ਮੁਕਤ ਯੁਵਾ ਵਿਸ਼ੇ ’ਤੇ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ
Publish Date: Sat, 24 Oct 2026 04:15 PM (IST)
Updated Date: Sat, 24 Oct 2026 04:16 PM (IST)
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਬਲਾਕ ਪੱਧਰੀ ਪ੍ਰੋਗਰਾਮ; ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਮਾਈ ਭਾਰਤ ਰੂਪਨਗਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਨਸ਼ਾ ਮੁਕਤ ਯੁਵਾ’ ਵਿਸ਼ੇ ਤਹਿਤ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ’ਚ ਵਰਿੰਦਰ ਸਿੰਘ ਚੌਧਰੀ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਮਹਿਮਾਨ ਦਾ ਧੰਨਵਾਦ ਵੀ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਸ਼ਿਆਂ ਵਿਰੁੱਧ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਵਾਲੇ ਨਾਅਰੇ ਲਿਖ ਕੇ ਸਲੋਗਨ ਬਾਕਸ ’ਚ ਪਾਏ। ਇਸ ਗਤੀਵਿਧੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਮਾਈ ਭਾਰਤ ਰੂਪਨਗਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਆਸ਼ੀਸ਼ ਪਾਲ ਅਤੇ ਅਕਾਊਂਟੈਂਟ ਸਾਹਿਲ ਵਾਲੇਚਾ ਅਤੇ ਪ੍ਰੋ. ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਾਲਜ ਦੇ ਪ੍ਰੋਫੈਸਰ ਡਾ. ਰਵਿੰਦਰ ਸਿੰਘ ਨੇ ਨਿਭਾਈ।ਇਹ ਪ੍ਰੋਗਰਾਮ ਨੌਜਵਾਨਾਂ ’ਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਜੁੜ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।