ਰਵਨੀਤ ਬਿੱਟੂ ਦੇ ਹਲਕਾ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਰਚੇ ਤੇਜ਼ ਰਵਨੀਤ ਬਿੱਟੂ ਦੇ ਹਲਕਾ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਰਚੇ ਤੇਜ਼
Publish Date: Fri, 23 Oct 2026 05:37 PM (IST)
Updated Date: Fri, 23 Oct 2026 05:39 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਦੇ ਇੱਥੋਂ ਚੋਣ ਲੜਨ ਦੇ ਚਰਚੇ ਜ਼ੋਰ ਫੜਨ ਲੱਗੇ ਹਨ। ਸਿਆਸੀ ਹਲਕਿਆਂ ਵਿੱਚ ਚੱਲ ਰਹੀ ਚਰਚਾ ਮੁਤਾਬਕ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਹਲਕੇ ਵਿੱਚ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਦੇਖਦਿਆਂ ਕਿਸੇ ਅਜਿਹੇ ਚਿਹਰੇ ’ਤੇ ਦਾਅ ਲਗਾ ਸਕਦੀ ਹੈ, ਜਿਸ ਦੀ ਪਹਿਲਾਂ ਤੋਂ ਹੀ ਇਲਾਕੇ ਵਿੱਚ ਪਛਾਣ ਅਤੇ ਵਰਕਰਾਂ ਨਾਲ ਸਾਂਝ ਹੋਵੇ। ਰਵਨੀਤ ਸਿੰਘ ਬਿੱਟੂ ਪੰਜਾਬ ਦੀ ਸਿਆਸਤ ਵਿੱਚ ਇੱਕ ਜਾਣੇ-ਪਛਾਣੇ ਆਗੂ ਹਨ। ਉਹ 2009 ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਇਸ ਤੋਂ ਬਾਅਦ 2014 ਅਤੇ 2019 ਵਿੱਚ ਉਨ੍ਹਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ। ਸਾਲ 2024 ਵਿੱਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਰੇਲ ਰਾਜ ਮੰਤਰੀ ਅਤੇ ਖਾਦ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਦੀ ਜ਼ਿੰਮੇਵਾਰੀ ਮਿਲੀ। ਬਾਅਦ ਵਿੱਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਵੀ ਬਣੇ। - ਹਲਕੇ ’ਚ ਭਾਜਪਾ ਦੀ ਧੜੇਬੰਦੀ ਚਰਚਾ ਦਾ ਵਿਸ਼ਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਕਰੀਬ ਇੱਕ ਦਰਜਨ ਆਗੂ ਆਪਣੀ ਪੂਰੀ ਵਾਹ ਲਗਾ ਰਹੇ ਹਨ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੂੰ ਇਸ ਦੌੜ ਵਿੱਚ ਮੋਹਰੀ ਮੰਨਿਆ ਜਾ ਰਿਹਾ ਹੈ, ਪਰ ਉਨ੍ਹਾਂ ਦੇ ਨਾਲ-ਨਾਲ ਹੋਰ ਆਗੂ ਵੀ ਟਿਕਟ ਹਾਸਲ ਕਰਨ ਲਈ ਸਰਗਰਮ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਹਲਕੇ ਦੇ ਵੱਖ-ਵੱਖ ਧੜਿਆਂ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਪਾਰਟੀ ਲਈ ਚੁਣੌਤੀ ਬਣ ਸਕਦੀ ਹੈ। ਚਰਚਾ ਮੁਤਾਬਿਕ ਵੱਖ-ਵੱਖ ਧੜਿਆਂ ਵੱਲੋਂ ਆਪਣੀਆਂ ਮੀਟਿੰਗਾਂ ਅਤੇ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਕਈ ਮੌਕਿਆਂ ’ਤੇ ਇੱਕ ਧੜੇ ਦੇ ਆਗੂ ਦੂਜੇ ਧੜੇ ਦੇ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੁੰਦੇ। ਇਸ ਕਾਰਨ ਪਾਰਟੀ ਦੀ ਸਾਂਝੀ ਚੋਣ ਰਣਨੀਤੀ ਅਤੇ ਏਕਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇੱਕ ਸੀਨੀਅਰ ਭਾਜਪਾ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਲਕੇ ਦੇ ਸਮੀਕਰਨਾਂ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਮੁਤਾਬਿਕ ਜੇਕਰ ਆਪਸੀ ਖਿੱਚੋਤਾਣ ਇਸੇ ਤਰ੍ਹਾਂ ਜਾਰੀ ਰਹੀ ਤਾਂ ਪਾਰਟੀ ਨੂੰ ਉਮੀਦਵਾਰ ਦੀ ਚੋਣ ਸਮੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਕਰ ਕੇ ਰਵਨੀਤ ਬਿੱਟੂ ਦੇ ਨਾਮ ’ਤੇ ਵੀ ਵਿਚਾਰ ਕੀਤੇ ਜਾਣ ਦੀ ਚਰਚਾ ਹੈ। ਹਾਲਾਂਕਿ ਇਸ ਸਬੰਧੀ ਪਾਰਟੀ ਵੱਲੋਂ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ। - ਪੁਰਾਣੀ ਸਾਂਝ ਬਣ ਸਕਦੀ ਹੈ ਬਿੱਟੂ ਦੇ ਹੱਕ ਵਿੱਚ ਰਵਨੀਤ ਬਿੱਟੂ ਦੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਪੁਰਾਣੀ ਸਿਆਸੀ ਸਾਂਝ ਰਹੀ ਹੈ। ਇੱਥੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਉਹ ਇਲਾਕੇ ਵਿੱਚ ਸਰਗਰਮ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਇੱਕ ਵਰਗ ਅੱਜ ਵੀ ਉਨ੍ਹਾਂ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਕਾਂਗਰਸ ਦੇ ਪੁਰਾਣੇ ਵਰਕਰਾਂ ਨਾਲ ਉਨ੍ਹਾਂ ਦੇ ਸੰਪਰਕ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਕੁਝ ਵਰਕਰਾਂ ਨਾਲ ਬਣੇ ਤਾਲਮੇਲ ਨੂੰ ਉਨ੍ਹਾਂ ਦੀ ਸੰਭਾਵੀ ਉਮੀਦਵਾਰੀ ਲਈ ਅਹਿਮ ਮੰਨਿਆ ਜਾ ਰਿਹਾ ਹੈ। ਫਿਲਹਾਲ ਰਵਨੀਤ ਸਿੰਘ ਬਿੱਟੂ ਦੇ ਨਾਮ ਨੂੰ ਲੈ ਕੇ ਚਰਚਾਵਾਂ ਲਗਾਤਾਰ ਤੇਜ਼ ਹੋ ਰਹੀਆਂ ਹਨ, ਪਰ ਅੰਤਿਮ ਫੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹੀ ਕੀਤਾ ਜਾਣਾ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਚਰਚਾਵਾਂ ਉਮੀਦਵਾਰੀ ਦੇ ਅਧਿਕਾਰਤ ਐਲਾਨ ਵਿੱਚ ਬਦਲਦੀਆਂ ਹਨ ਜਾਂ ਨਹੀਂ।