ਸਿੱਖਿਆ ਵਿਭਾਗ ਦਾ ਨਵਾਂ ਕਾਰਾ, ਸੋਧੀ ਹੋਈ ਉੱਤਰ ਕੁੰਜੀ ਰੱਦ ਕਰ ਕੇ ਤਰੁਟੀਆਂ ਭਰੀ ਉੱਤਰ ਕੁੰਜੀ ਕੀਤੀ ਲਾਗੂ ਸਿੱਖਿਆ ਵਿਭਾਗ ਦਾ ਨਵਾਂ ਕਾਰਾ, ਸੋਧੀ ਹੋਈ ਉੱਤਰ ਕੁੰਜੀ ਰੱਦ ਕਰਕੇ ਤਰੁਟੀਆਂ ਭਰੀ ਉੱਤਰ ਕੁੰਜੀ ਕੀਤੀ ਲਾਗੂ
Publish Date: Fri, 23 Oct 2026 05:20 PM (IST)
Updated Date: Fri, 23 Oct 2026 05:21 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਿੱਖਿਆ ਵਿਭਾਗ ਵੱਲੋਂ 4161 ਮਾਸਟਰ ਕਾਡਰ ਦੀ ਭਰਤੀ ਦੌਰਾਨ ਉੱਤਰ ਕੁੰਜੀ ਵਿੱਚ ਕੀਤੀਆਂ ਤਬਦੀਲੀਆਂ ਦਾ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਭਰਤੀ ਨੂੰ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਮਾਮਲਾ ਹੱਲ ਨਹੀਂ ਹੋ ਸਕਿਆ। ਇਨਸਾਫ਼ ਦੀ ਮੰਗ ਕਰ ਰਹੇ 253 ਅਧਿਆਪਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ ਉੱਤੇ ਬੈਠੇ ਹਨ। ਅਧਿਆਪਕਾਂ ਅਨੁਸਾਰ ਨਾਈਲਟ ਕੰਪਨੀ ਵੱਲੋਂ ਤਿਆਰ ਕੀਤੀ ਉੱਤਰ ਕੁੰਜੀ ਵਿੱਚ ਕਈ ਤਰੁਟੀਆਂ ਸਨ, ਜਿਸ ਨੂੰ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਮਈ 2023 ਵਿੱਚ ਰੱਦ ਕਰ ਦਿੱਤਾ ਸੀ। ਇਸ ਦੀ ਥਾਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਵੱਲੋਂ ਗਲਤੀਆਂ ਸੋਧ ਕੇ ਤਿਆਰ ਕੀਤੀ ਉੱਤਰ ਕੁੰਜੀ ਨੂੰ ਮਾਨਤਾ ਦਿੱਤੀ ਗਈ ਸੀ। ਪਰ ਅਧਿਆਪਕਾਂ ਦਾ ਦੋਸ਼ ਹੈ ਕਿ ਭਰਤੀ ਦੇ ਤਿੰਨ ਸਾਲ ਬਾਅਦ ਵਿਭਾਗ ਨੇ ਸੋਧੀ ਹੋਈ ਉੱਤਰ ਕੁੰਜੀ ਰੱਦ ਕਰ ਕੇ ਮੁੜ ਪੁਰਾਣੀ ਉੱਤਰ ਕੁੰਜੀ ਲਾਗੂ ਕਰ ਦਿੱਤੀ। ਇਸ ਤਬਦੀਲੀ ਦਾ ਖਮਿਆਜ਼ਾ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਨ੍ਹਾਂ ਅਧਿਆਪਕਾਂ ਨੂੰ ਮਈ 2026 ਵਿੱਚ ਪ੍ਰੋਬੇਸ਼ਨ ਪੀਰੀਅਡ ਪੂਰਾ ਹੋਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਸੇਵਾਵਾਂ ਖਤਮ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਮਈ 2023 ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਅਨੁਸਾਰ ਵੱਧ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਉੱਤਰ ਕੁੰਜੀ ਬਦਲਣ ਕਾਰਨ ਉਨ੍ਹਾਂ ਨੂੰ ਭਰਤੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ, ਜਦਕਿ ਘੱਟ ਅੰਕਾਂ ਵਾਲੇ ਉਮੀਦਵਾਰ ਭਰਤੀ ਕਰ ਲਏ ਗਏ। ਇਨਸਾਫ਼ ਦੀ ਮੰਗ ਲਈ ਅਧਿਆਪਕ 19 ਅਕਤੂਬਰ ਤੋਂ ਧਰਨੇ ਉੱਤੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਨੋਟਿਸ ਰੱਦ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।