ਨੂਰਪੁਰਬੇਦੀ-ਰੂਪਨਗਰ ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਕਿਸਾਨ ਮੋਰਚਾ ਸਖ਼ਤ, ਇੱਕ ਹਫ਼ਤੇ ਦਾ ਅਲਟੀਮੇਟਮ ਨੂਰਪੁਰਬੇਦੀ-ਰੂਪਨਗਰ ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਕਿਸਾਨ ਮੋਰਚਾ ਸਖ਼ਤ ਇੱਕ ਹਫ਼ਤੇ ਦਾ ਅਲਟੀਮੇਟਮ
Publish Date: Fri, 23 Oct 2026 05:10 PM (IST)
Updated Date: Fri, 23 Oct 2026 05:13 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ’ਤੇ ਭੱਟੋਂ, ਸਰਥਲੀ ਅਤੇ ਅਬਿਆਣਾ ਦੇ ਵਿਚਕਾਰ ਨਹਿਰੀ ਪਾਣੀ ਦੀ ਪਾਈਪਲਾਈਨ ਵਿਛਾਉਣ ਲਈ ਪੁੱਟੀ ਗਈ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਕਿਸਾਨ ਮੋਰਚਾ ਰੂਪਨਗਰ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਕਿਸਾਨ ਮੋਰਚਾ ਰੂਪਨਗਰ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਸਬੰਧਿਤ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੇਂ ਦੌਰਾਨ ਸੜਕ ਦੀ ਮੁਰੰਮਤ ਅਤੇ ਸੁਧਾਰ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਕਿਸਾਨ ਮੋਰਚਾ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵੇਗਾ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਵੀਰ ਸਿੰਘ ਬੜਵਾ ਨੇ ਕਿਹਾ ਕਿ ਮੁੱਖ ਮਾਰਗ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਰਾਹਗੀਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਅਧਿਆਪਕ ਸਰਬਜੀਤ ਸਿੰਘ ਵਾਸੀ ਚੌਂਤਾ ਨਾਲ ਵਾਪਰਿਆ ਹਾਦਸਾ ਹੈ, ਜੋ ਡਿਊਟੀ ’ਤੇ ਜਾਂਦੇ ਸਮੇਂ ਭੱਟੋਂ ਨੇੜੇ ਪੁੱਟੀ ਹੋਈ ਸੜਕ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਉਸ ਦੀ ਇੱਕ ਬਾਂਹ ਦੋ ਥਾਵਾਂ ਤੋਂ ਟੁੱਟ ਗਈ ਅਤੇ ਸ਼ਰੀਰ ਦੇ ਹੋਰ ਹਿੱਸਿਆਂ ’ਤੇ ਵੀ ਸੱਟਾਂ ਲੱਗੀਆਂ। ਪੀੜਤ ਨੂੰ ਇਲਾਜ ਲਈ ਦੋ ਵਾਰ ਆਪ੍ਰੇਸ਼ਨ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਇਸ ਮਾਰਗ ’ਤੇ ਇਹ ਕੋਈ ਇਕੱਲੀ ਘਟਨਾ ਨਹੀਂ, ਸਗੋਂ ਸੜਕ ਦੇ ਖੱਡਿਆਂ ਅਤੇ ਉਖੜੇ ਹਿੱਸਿਆਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵੱਲੋਂ ਪਾਈਪਲਾਈਨ ਵਿਛਾਉਣ ਲਈ ਸੜਕ ਪੁੱਟਣ ਤੋਂ ਬਾਅਦ ਇਸ ਨੂੰ ਸਮਤਲ ਕਰਨਾ ਅਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰਨਾ ਜ਼ਰੂਰੀ ਸੀ, ਪਰ ਚਿਤਾਵਨੀ ਬੋਰਡਾਂ ਅਤੇ ਰਾਤ ਸਮੇਂ ਦਿਖਾਈ ਦੇਣ ਵਾਲੇ ਸੰਕੇਤਾਂ ਦੀ ਘਾਟ ਰਾਹਗੀਰਾਂ ਲਈ ਖ਼ਤਰਾ ਬਣੀ ਹੋਈ ਹੈ। ਉਨ੍ਹਾਂ ਪੀਡਬਲਯੂਡੀ ਵਿਭਾਗ, ਸਿੰਚਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਸੜਕ ਨੂੰ ਤੁਰੰਤ ਸੁਰੱਖਿਅਤ ਅਤੇ ਆਵਾਜਾਈ ਯੋਗ ਬਣਾਇਆ ਜਾਵੇ। ਵੀਰ ਸਿੰਘ ਬੜਵਾ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਜੇਕਰ ਇੱਕ ਹਫ਼ਤੇ ਅੰਦਰ ਸੜਕ ਸੁਧਾਰ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਕਿਸਾਨ ਮੋਰਚਾ ਸੰਘਰਸ਼ ਦਾ ਰਾਹ ਅਖਤਿਆਰ ਕਰੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਦੀ ਹੋਵੇਗੀ।