ਸਾਇੰਸ ਡਰਾਮਾ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਦੀ ਹੈਟ੍ਰਿਕ, ਤੀਜੇ ਸਾਲ ਬਲਾਕ ’ਚੋਂ ਪਹਿਲਾ ਸਥਾਨ ਸਾਇੰਸ ਡਰਾਮਾ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਹੈਟ੍ਰਿਕ ਲਗਾਤਾਰ ਤੀਜੇ ਸਾਲ ਬਲਾਕ ’ਚੋਂ ਪਹਿਲਾ ਸਥਾਨ
Publish Date: Fri, 23 Oct 2026 04:47 PM (IST)
Updated Date: Fri, 23 Oct 2026 04:49 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੈਸ਼ਨਲ ਸਾਇੰਸ ਸੈਂਟਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਸੀਈਆਰਟੀ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਾ ਸਰਕਾਰੀ ਹਾਈ ਸਕੂਲ ਬੜਵਾ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਿੱਖਿਆ ਬਲਾਕ ਤਖ਼ਤਗੜ੍ਹ ਦੇ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਸਕੂਲ ਦੀ ਟੀਮ ਨੇ ਲਗਾਤਾਰ ਤੀਜੇ ਸਾਲ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਜਿੱਤ ਦੀ ਹੈਟ੍ਰਿਕ ਲਗਾਈ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਪ੍ਰਬੰਧ ਬਲਾਕ ਨੋਡਲ ਅਫ਼ਸਰ ਅਤੇ ਪ੍ਰਿੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਕੀਤੇ ਗਏ। ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰ ਤਖ਼ਤਗੜ੍ਹ ਸੁਖਦੇਵ ਸਿੰਘ ਅਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਰੂਪਨਗਰ ਬਿਪਨ ਕਟਾਰੀਆ ਨੇ ਵੀ ਅਹਿਮ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਟੀਮ ਸੈਸ਼ਨ 2024-25 ਅਤੇ 2025-26 ਦੌਰਾਨ ਬਲਾਕ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਵੀ ਚੈਂਪੀਅਨ ਰਹੀ ਸੀ। ਦੋਵੇਂ ਸਾਲ ਟੀਮ ਨੇ ਪੰਜਾਬ ਸੂਬਾ ਪੱਧਰੀ ਸਾਇੰਸ ਡਰਾਮਾ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਹੁਣ ਟੀਮ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ ਅਤੇ ਇਸ ਸਾਲ ਵੀ ਜਿੱਤ ਹਾਸਲ ਕਰ ਕੇ ਸੂਬਾ ਪੱਧਰ ’ਤੇ ਪਹੁੰਚਣ ਦਾ ਟੀਚਾ ਰੱਖਦੀ ਹੈ। ਇਸ ਸਫ਼ਲਤਾ ਵਿੱਚ ਗਾਈਡ ਅਧਿਆਪਕ ਅਤੇ ਸਾਇੰਸ ਅਧਿਆਪਕ ਜਗਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ। ਸਕੂਲ ਮੁਖੀ ਏਕਤਾ ਭਾਰਦਵਾਜ ਦੀ ਅਗਵਾਈ ਹੇਠ ਵਿਗਿਆਨ ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਕੂਲ ਪਹਿਲਾਂ ਵੀ ਸਾਇੰਸ ਐਗਜ਼ੀਬਿਸ਼ਨ, ਵਿਪਰੋ ਅਰਥੀਅਨ ਨੈਸ਼ਨਲ ਪੁਰਸਕਾਰ, ਨੈਸ਼ਨਲ ਗ੍ਰੀਨ ਸਕੂਲ ਐਵਾਰਡ ਅਤੇ ਸਵੱਛ ਏਵਮ ਹਰਿਤ ਵਿਦਿਆਲਾ ਨੈਸ਼ਨਲ ਪੁਰਸਕਾਰ ਸਮੇਤ ਕਈ ਪ੍ਰਾਪਤੀਆਂ ਕਰ ਚੁੱਕਾ ਹੈ। ਸਕੂਲ ਦੀ ਇਸ ਸਫ਼ਲਤਾ ’ਤੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।