- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਗਰੀ ਵਿੱਚ ਅੱਜ ਫਿਰ ਬਿਜਲੀ ਰਹੇਗੀ ਬੰਦ

ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਿਜਲੀ ਦੇ ਰੋਜ਼ਾਨਾ ਲੱਗਣ ਵਾਲੇ ਕੱਟਾਂ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਰੰਮਤ ਦੇ ਨਾਮ ’ਤੇ ਲੱਗਣ ਵਾਲੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਦੇ ਰੋਜ਼ਾਨਾ ਕੰਮਕਾਜ ਵਿੱਚ ਵਿਘਨ ਪੈ ਰਿਹਾ ਹੈ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਮੰਡਲ ਮੀਤ ਪ੍ਰਧਾਨ ਅਮਰ ਸੋਢੀ ਨੇ ਕਹੀ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ, ਪਰ ਇੱਥੇ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਅਜਿਹੀ ਸਥਿਤੀ ਦੇਖਣ ਨੂੰ ਨਹੀਂ ਮਿਲਦੀ ਸੀ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਹੁਣ ਲੋਕ ਕਹਿਣ ਲੱਗ ਪਏ ਹਨ ਕਿ ਮੁਫ਼ਤ ਬਿਜਲੀ ਦੇ ਨਾਲ ਇਹੋ ਜਿਹੀਆਂ ਮੁਸ਼ਕਿਲਾਂ ਵੀ ਸਹਿਣੀਆਂ ਪੈਣਗੀਆਂ। ਉੱਧਰ ਸਹਾਇਕ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 132 ਕੇਵੀ ਸਬ ਸਟੇਸ਼ਨ ਤੋਂ ਚੱਲਦੇ 11 ਕੇਵੀ ਸ਼ਹਿਰੀ-2 ਅਤੇ ਢੇਰ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ 24 ਅਕਤੂਬਰ, ਸ਼ਨਿਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਦਸ਼ਮੇਸ਼ ਹਸਪਤਾਲ, ਹਸਪਤਾਲ ਮੁਹੱਲਾ, ਕਚਹਿਰੀ ਰੋਡ, ਸ਼ੀਸ਼ ਗੰਜ, ਫਤਿਹਗੜ੍ਹ ਸਾਹਿਬ ਮੁਹੱਲਾ, ਬੜੀ ਸਰਕਾਰ ਮੁਹੱਲਾ, ਸਟੇਡੀਅਮ, ਮੀਆਂਪੁਰ, ਸੱਦੇਵਾਲ, ਬਾਸੋਵਾਲ, ਗੰਗੂਵਾਲ, ਸਜਮੌਰ, ਬੀਕਾਪੁਰ, ਹੇਠਲਾ ਤੇ ਉੱਪਰਲਾ ਸੂਰੇਵਾਲ, ਉੱਪਰਲਾ ਗੰਭੀਰਪੁਰ, ਉੱਪਰਲਾ ਮੁਜ਼ਾਰਾ, ਢੇਰੂ ਅਤੇ ਸੁਹੇਲਾ ਘੋੜਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜ਼ਰੂਰੀ ਕੰਮਾਂ ਅਤੇ ਪਾਣੀ ਦੇ ਪ੍ਰਬੰਧ ਪਹਿਲਾਂ ਹੀ ਕਰ ਲੈਣ। ਮੁਰੰਮਤ ਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦੇ ਸਮੇਂ ਵਿੱਚ ਵਾਧਾ ਜਾਂ ਕਮੀ ਵੀ ਹੋ ਸਕਦੀ ਹੈ।