ਤੀਰਥ ਯਾਤਰਾ ਯੋਜਨਾ ਤਹਿਤ ਬਰੂਵਾਲ ਤੋਂ ਬੱਸ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਰੂਵਾਲ ਤੋਂ ਬੱਸ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ
Publish Date: Thu, 22 Oct 2026 06:11 PM (IST)
Updated Date: Thu, 22 Oct 2026 06:12 PM (IST)
50 ਸ਼ਰਧਾਲੂ ਦਰਬਾਰ ਸਾਹਿਬ, ਅਟਾਰੀ, ਬਾਘਾ ਬਾਰਡਰ ਤੇ ਦੇਵੀ ਤਲਾਬ ਮੰਦਰ ਦੇ ਕਰਨਗੇ ਦਰਸ਼ਨ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੰਗਰ ਇਲਾਕੇ ਦੇ ਪਿੰਡ ਬਰੂਵਾਲ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕੀਤਾ। ਇਸ ਬੱਸ ਰਾਹੀਂ ਚੰਗਰ ਇਲਾਕੇ ਦੇ ਕਈ ਪਿੰਡਾਂ ਦੇ ਸ਼ਰਧਾਲੂ ਆਪਣੀ ਧਾਰਮਿਕ ਯਾਤਰਾ ਲਈ ਰਵਾਨਾ ਹੋਏ। ਇਸ ਮੌਕੇ ਪਿੰਡ ਵਾਸੀਆਂ ਅਤੇ ਸ਼ਰਧਾਲੂਆਂ ’ਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣੀ ਯਾਤਰਾ ਨੂੰ ਲੈ ਕੇ ਖ਼ੁਸ਼ੀ ਪ੍ਰਗਟਾਈ। ਇਸ ਤੀਰਥ ਯਾਤਰਾ ਨੂੰ ਹਰੀ ਝੰਡੀ ਪਿੰਡ ਦੀ ਸਰਪੰਚ ਕ੍ਰਿਸ਼ਨਾ ਦੇਵੀ ਨੇ ਚੰਗਰ ਇਲਾਕੇ ਦੀ ਆਮ ਆਦਮੀ ਪਾਰਟੀ ਟੀਮ ਸਮੇਤ ਦਿੱਤੀ। ਇਸ ਦੌਰਾਨ ਆਪ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਲੋਕਾਂ ਦੀ ਇਨ੍ਹਾਂ ਨਾਲ ਡੂੰਘੀ ਆਸਥਾ ਜੁੜੀ ਹੋਈ ਹੈ। ਅਜਿਹੀਆਂ ਯੋਜਨਾਵਾਂ ਰਾਹੀਂ ਸ਼ਰਧਾਲੂਆਂ ਨੂੰ ਆਪਣੀ ਸ਼ਰਧਾ ਅਨੁਸਾਰ ਧਾਰਮਿਕ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਸ਼ਰਧਾਲੂਆਂ ਦੀ ਸੁਖਦ ਅਤੇ ਸੁਰੱਖਿਅਤ ਯਾਤਰਾ ਦੀ ਕਾਮਨਾ ਕੀਤੀ। ਇਸ ਮੌਕੇ ਆਪ ਆਗੂ ਦਰਸ਼ਨ ਸਿੰਘ ਬਰੂਵਾਲ,ਜੇ.ਈ ਸੁੱਚਾ ਸਿੰਘ, ਬਲਦੇਵ ਸਿੰਘ ਬਰੂਵਾਲ, ਜਰਨੈਲ ਸਿੰਘ, ਮੋਹਨ ਸਿੰਘ ,ਸਰਵਨ ਸਿੰਘ,ਹਰਜਾਪ ਸਿੰਘ,ਮਾਨ ਸਿੰਘ,ਪੱਪੂ ਰਾਣਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।