ਰਾਸ਼ਟਰੀ ਪੱਧਰ ਦੀ ਨੈਤਿਕ ਸਿੱਖਿਆ ਪ੍ਰੀਖਿਆ ਕਰਵਾਈ ਗਈ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਵਿਖੇ ਰਾਸ਼ਟਰੀ ਪੱਧਰ ਦੀ ਨੈਤਿਕ ਸਿੱਖਿਆ ਪ੍ਰੀਖਿਆ ਕਰਵਾਈ ਗਈ
Publish Date: Thu, 22 Oct 2026 05:40 PM (IST)
Updated Date: Thu, 22 Oct 2026 05:42 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਵਿਖੇ ਗੁਰਦੁਆਰਾ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵੱਲੋਂ ਕਾਲਜ ਦੇ ਵਿਦਿਆਰਥੀਆਂ ਲਈ 22 ਅਕਤੂਬਰ 2026, ਵੀਰਵਾਰ ਨੂੰ ਰਾਸ਼ਟਰੀ ਪੱਧਰ ਦੀ ਨੈਤਿਕ ਸਿੱਖਿਆ ਪ੍ਰੀਖਿਆ ਕਰਵਾਈ ਗਈ। ਇਹ ਪ੍ਰੀਖਿਆ ਹਰ ਸਾਲ ਵਿਦਿਆਰਥੀਆਂ ’ਚ ਨੈਤਿਕ, ਅਧਿਆਤਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਈ ਜਾਂਦੀ ਹੈ, ਤਾਂ ਜੋ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਚੰਗੇ ਚਰਿੱਤਰ ਦੇ ਮਾਲਕ ਵੀ ਬਣ ਸਕਣ। ਇਸ ਪ੍ਰੀਖਿਆ ’ਚ ਜ਼ੋਨਲ ਅਤੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ, ਸ਼ੀਲਡਾਂ, ਨਕਦ ਇਨਾਮ ਅਤੇ ਵਜ਼ੀਫ਼ਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਟੱਡੀ ਸਰਕਲ ਦੀ ਪਰੰਪਰਾ ਦਾ ਅਹਿਮ ਹਿੱਸਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੁਆ ਨੇ ਕਿਹਾ ਕਿ “ਨੈਤਿਕ ਸਿੱਖਿਆ ਇੱਕ ਸੱਚੇ ਵਿਦਿਆਰਥੀ ਦੀ ਪਹਿਚਾਣ ਹੈ। ਇਹ ਵਿਦਿਆਰਥੀਆਂ ਦੇ ਕਰੀਅਰ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਦਾ ਵੀ ਨਿਰਮਾਣ ਕਰਦੀ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਇੰਦਰਪ੍ਰੀਤ ਕੌਰ, ਪ੍ਰੋ. ਜੋਤੀ ਪ੍ਰਕਾਸ਼ ਅਤੇ ਬ੍ਰਿਜ ਮੋਹਨ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ। ਅੰਤ ’ਚ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੁਆ ਨੇ ਸਟੱਡੀ ਸਰਕਲ ਦੇ ਕੋਆਰਡੀਨੇਟਰ ਹਰਚਰਨ ਸਿੰਘ ਅਤੇ ਹਰਜੋਤ ਸਿੰਘ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।