ਭਾਖੜਾ ਸਮਰਪਣ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਭਾਖੜਾ ਸਮਰਪਣ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
Publish Date: Thu, 22 Oct 2026 05:11 PM (IST)
Updated Date: Thu, 22 Oct 2026 05:12 PM (IST)
ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨੇ ਅਧਿਕਾਰੀਆਂ ’ਤੇ ਕਰਮਚਾਰੀਆਂ ਦਾ ਵਧਾਇਆ ਹੌਸਲਾ ਪੰਜਾਬੀ ਜਾਗਰਣ ਟੀਮ, ਨੰਗਲ: ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਵੱਲੋਂ ਭਾਖੜਾ ਸਮਰਪਣ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀਐੱਮਬੀ ਦੇ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਮੈਂਬਰ ਸਿੰਚਾਈ ਇੰਜੀਨੀਅਰ ਬੀ.ਐੱਸ. ਨਾਰਾ, ਮੈਂਬਰ ਬਿਜਲੀ ਇੰਜੀਨੀਅਰ ਇੰਦਰਜੀਤ ਸਿੰਘ ਬਾਜਵਾ, ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਸਮੇਤ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਸਮਾਗਮ ਦੌਰਾਨ ਸ਼ਹੀਦ ਸਮਾਰਕ ਵਿਖੇ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਉਪਰੰਤ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਸਮੇਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਖੜਾ ਡੈਮ ਦੀ ਉਸਾਰੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਮਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨੇ ਕਿਹਾ ਕਿ ਭਾਖੜਾ ਡੈਮ ਦੇਸ਼ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ। ਇਸ ਨੇ ਦੇਸ਼ ਵਿੱਚ ਹਰੀ ਕ੍ਰਾਂਤੀ ਨੂੰ ਗਤੀ ਦੇਣ, ਖੇਤੀਬਾੜੀ ਉਤਪਾਦਨ ਵਧਾਉਣ ਅਤੇ ਸਿੰਚਾਈ ’ਤੇ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਸਿਰਫ਼ ਇੱਕ ਇੰਜੀਨੀਅਰਿੰਗ ਪ੍ਰਾਜੈਕਟ ਹੀ ਨਹੀਂ, ਸਗੋਂ ਦੇਸ਼ ਦੀ ਤਰੱਕੀ, ਆਤਮਨਿਰਭਰਤਾ ਅਤੇ ਤਕਨੀਕੀ ਸਮਰੱਥਾ ਦਾ ਵੀ ਪ੍ਰਤੀਕ ਹੈ। ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਨੇ ਆਪਣੇ ਸੰਬੋਧਨ ਵਿੱਚ ਭਾਖੜਾ ਸਮਰਪਣ ਦਿਵਸ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਸੀ ਸਹਿਯੋਗ, ਸਮਰਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਦੇ ਰਹਿਣ ਦਾ ਸੱਦਾ ਦਿੱਤਾ, ਤਾਂ ਜੋ ਬੀਬੀਐਮਬੀ ਦੀਆਂ ਪ੍ਰਾਪਤੀਆਂ ਅਤੇ ਦੇਸ਼ ਦੇ ਨਿਰਮਾਣ ਵਿੱਚ ਇਸ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਇਸ ਮੌਕੇ ਡੈਮ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਵੀ ਯਾਦ ਕੀਤਾ ਗਿਆ। ਅਧਿਕਾਰੀ ਅਤੇ ਕਰਮਚਾਰੀ ਰੇਲਗੱਡੀ ਰਾਹੀਂ ਸ਼ਹੀਦ ਸਮਾਰਕ ਤੱਕ ਪਹੁੰਚੇ। ਫਿਟ ਇੰਡੀਆ ਫ੍ਰੀਡਮ ਰਨ 7.0 ਤਹਿਤ ਦੌੜ ਮੁਕਾਬਲਾ ਕਰਵਾਇਆ ਭਾਖੜਾ ਸਮਰਪਣ ਦਿਵਸ ਮੌਕੇ ਭਾਰਤ ਸਰਕਾਰ ਦੇ ਫਿਟ ਇੰਡੀਆ ਫ੍ਰੀਡਮ ਰਨ 7.0 ਪ੍ਰੋਗਰਾਮ ਤਹਿਤ ਦੌੜ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੀਬੀਐੱਮਬੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ, ਨੰਗਲ ਦੇ ਵਿਦਿਆਰਥੀਆਂ ਲਈ ਚਿੱਤਰਕਲਾ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਭਾਖੜਾ ਡੈਮ ਦੇ ਇਤਿਹਾਸਕ ਮਹੱਤਵ, ਇਸ ਦੀ ਉਸਾਰੀ ਵਿੱਚ ਦਿੱਤੇ ਯੋਗਦਾਨ ਅਤੇ ਦੇਸ਼ ਦੇ ਵਿਕਾਸ ਵਿੱਚ ਇਸ ਦੀ ਅਹਿਮ ਭੂਮਿਕਾ ਬਾਰੇ ਜਾਣੂ ਕਰਵਾਇਆ ਗਿਆ। ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ ਭਾਖੜਾ ਸਮਰਪਣ ਦਿਵਸ ਦੇ ਮੌਕੇ ’ਤੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਵੀ ਲਗਾਏ ਗਏ। ਇਸ ਤੋਂ ਇਲਾਵਾ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨੇ ਨਵੇਂ ਸਭਾਗਾਰ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਦੀ ਧਰਮਪਤਨੀ, ਮੈਂਬਰ ਸਿੰਚਾਈ ਇੰਜੀਨੀਅਰ ਬੀ.ਐੱਸ. ਨਾਰਾ, ਮੈਂਬਰ ਬਿਜਲੀ ਇੰਜੀਨੀਅਰ ਇੰਦਰਜੀਤ ਸਿੰਘ ਬਾਜਵਾ, ਮੁੱਖ ਇੰਜੀਨੀਅਰ ਭਾਖੜਾ ਡੈਮ ਸੀ.ਪੀ. ਸਿੰਘ, ਮੁੱਖ ਇੰਜੀਨੀਅਰ ਟੀ.ਐੱਸ. ਸੁਰਜੀਤ ਸਿੰਘ, ਮੁੱਖ ਇੰਜੀਨੀਅਰ ਸਿਸਟਮ ਆਪਰੇਸ਼ਨ ਇੰਜੀਨੀਅਰ ਰੁਚੀ ਸ਼ਰਮਾ, ਬੀਬੀਐੱਮਬੀ ਦੇ ਅਧਿਕਾਰੀ ਤੇ ਕਰਮਚਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਸੀਆਈਐੱਸਐੱਫ ਦੇ ਅਧਿਕਾਰੀ ਤੇ ਜਵਾਨ, ਸਕੂਲੀ ਵਿਦਿਆਰਥੀ ਅਤੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਹਾਜ਼ਰ ਸਨ।