ਬੀਬੀਐੱਮਬੀ ਦੇ ਚੇਅਰਮੈਨ ਨਾਲ ਇੰਟਕ ਤੇ ਸਾਂਝਾ ਮੋਰਚਾ ਦੀ ਵਿਚਾਰ ਚਰਚਾ ਬੀਬੀਐੱਮਬੀ ਦੇ ਚੇਅਰਮੈਨ ਨਾਲ ਇੰਟਕ ਅਤੇ ਸਾਂਝਾ ਮੋਰਚਾ ਦੀ ਮੀਟਿੰਗ
Publish Date: Thu, 22 Oct 2026 05:09 PM (IST)
Updated Date: Thu, 22 Oct 2026 05:10 PM (IST)
ਕੁਆਰਟਰਾਂ ਦੇ ਵਧੇ ਹੋਏ ਕਿਰਾਏ ਦੀ ਸਮੀਖਿਆ ਸਮੇਤ ਕਈ ਅਹਿਮ ਮੁੱਦੇ ਉਠਾਏ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਅੱਜ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਦੇ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨਾਲ ਸਤਲੁਜ ਸਦਨ ਵਿਖੇ ਹੋਈ। ਮੀਟਿੰਗ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਵੱਖ-ਵੱਖ ਲੰਬਿਤ ਮੰਗਾਂ ਅਤੇ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਮੌਕੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਮੀਟਿੰਗ ਦੌਰਾਨ ਉਠਾਏ ਗਏ ਮੁੱਖ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਦੇ ਹਿੱਤਾਂ ਨਾਲ ਸਬੰਧਤ ਕਈ ਅਹਿਮ ਮੰਗਾਂ ’ਤੇ ਚੇਅਰਮੈਨ ਬੀਬੀਐੱਮਬੀ ਨਾਲ ਵਿਸਥਾਰਪੂਰਵਕ ਚਰਚਾ ਹੋਈ ਅਤੇ ਵੱਖ-ਵੱਖ ਮਾਮਲਿਆਂ ਦੇ ਹੱਲ ਲਈ ਹਾਂ-ਪੱਖੀ ਭਰੋਸਾ ਦਿੱਤਾ ਗਿਆ। ਨੰਗਲ ਵਿਖੇ ਬੀਬੀਐੱਮਬੀ ਦੇ ਕੁਆਰਟਰਾਂ ਦੇ ਕਿਰਾਏ ’ਚ ਛੇ ਗੁਣਾ ਤੱਕ ਕੀਤੇ ਗਏ ਵਾਧੇ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ’ਤੇ ਚੇਅਰਮੈਨ ਬੀਬੀਐੱਮਬੀ ਨੇ ਵਧੇ ਹੋਏ ਕਿਰਾਏ ਦੇ ਮਾਮਲੇ ਦੀ ਮੁੜ ਸਮੀਖਿਆ ਕਰਨ ਲਈ ਸਹਿਮਤੀ ਦਿੱਤੀ। ਮੁਲਾਜ਼ਮਾਂ ਨੂੰ ਇਨਸੈਂਟਿਵ ਦੇਣ ਦੀ ਮੰਗ ਸਬੰਧੀ ਚਰਚਾ ਦੌਰਾਨ ਚੇਅਰਮੈਨ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ। ਬੀਬੀਐੱਮਬੀ ’ਚ ਕੰਮ ਕਰ ਰਹੇ ਦੂਜੇ ਰਾਜਾਂ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਮੂਲ ਰਾਜਾਂ ’ਚ ਵਾਪਸ ਭੇਜਣ ਦੀ ਨੀਤੀ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਮੁਲਾਜ਼ਮਾਂ ਦੀਆਂ ਲੰਬਿਤ ਐਡਹਾਕ ਤਰੱਕੀਆਂ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਾਮਲਿਆਂ ’ਤੇ ਵੀ ਚਰਚਾ ਹੋਈ। ਇਨ੍ਹਾਂ ਮਾਮਲਿਆਂ ਸਬੰਧੀ ਦੀਵਾਲੀ ਤੋਂ ਪਹਿਲਾਂ ਮੀਟਿੰਗ ਕਰਕੇ ਲੋੜੀਂਦੇ ਹੁਕਮ ਜਾਰੀ ਕਰਨ ਬਾਰੇ ਗੱਲਬਾਤ ਹੋਈ। ਬੀਬੀਐੱਮਬੀ ’ਚ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕਰਨ ਲਈ ਜ਼ਰੂਰੀ ਖਾਲੀ ਅਸਾਮੀਆਂ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਉਠਾਈ ਗਈ। ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਬਾਰੇ ਚਰਚਾ ਹੋਈ। ਸੋਧੇ ਹੋਏ ਤਨਖ਼ਾਹ ਸਕੇਲ ਅਤੇ ਸਾਲ 2016 ਨਾਲ ਸਬੰਧਤ ਬਕਾਇਆ ਰਕਮ ਦੇ ਭੁਗਤਾਨ ਦਾ ਮੁੱਦਾ ਵੀ ਉਠਾਇਆ ਗਿਆ। ਇਸ ਸਬੰਧੀ ਡੇਢ ਲੱਖ ਰੁਪਏ ਤੱਕ ਦੇ ਬਕਾਇਆ ਦੀ ਅਗਲੀ ਕਿਸ਼ਤ ਇੱਕੋ ਵਾਰ ਅਦਾ ਕਰਨ ਬਾਰੇ ਚਰਚਾ ਹੋਈ। ਇਸ ਮਿਤੀ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਮਾਮਲੇ ਨੂੰ ਕਾਨੂੰਨੀ ਪੱਖ ਤੋਂ ਜਾਂਚਣ ਤੋਂ ਬਾਅਦ ਅਗਲੀ ਕਾਰਵਾਈ ਕਰਨ ਬਾਰੇ ਵਿਚਾਰ ਕੀਤਾ ਗਿਆ।ਬੀਬੀਐੱਮਬੀ ਦੇ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਕੈਸ਼ਲੈੱਸ ਮੈਡੀਕਲ ਸਹੂਲਤ ਦੇ ਘੇਰੇ ’ਚ ਸ਼ਾਮਲ ਕਰਨ ਦੀ ਮੰਗ ਉਠਾਈ ਗਈ। ਇਸ ਸਬੰਧੀ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਅਤੇ ਅਧਿਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਸ਼ਲੈੱਸ ਮੈਡੀਕਲ ਪਾਲਿਸੀ ’ਚ ਸ਼ਾਮਲ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। ਡੇਲੀ ਵੇਜਿਜ਼ ਮੁਲਾਜ਼ਮਾਂ ਨੂੰ ਸਾਰਾ ਸਾਲ ਕੰਮ ਦੇਣ ਦੀ ਮੰਗ: ਡੇਲੀ ਵੇਜਿਜ਼ ਮੁਲਾਜ਼ਮਾਂ ਨੂੰ ਪੂਰਾ ਸਾਲ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੁੱਦੇ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਸਬੰਧੀ ਸਾਰੇ ਮੁੱਖ ਇੰਜੀਨੀਅਰਾਂ ਦੀ ਬੀਬੀਐੱਮਬੀ ਦੇ ਚੇਅਰਮੈਨ ਨਾਲ ਮੀਟਿੰਗ 28 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ। ਇਸ ਮੀਟਿੰਗ ’ਚ ਬੀਬੀਐੱਮਬੀ ਪ੍ਰਬੰਧਨ ਵੱਲੋਂ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ, ਮੈਂਬਰ ਇਰੀਗੇਸ਼ਨ ਸ੍ਰੀ ਬੀ.ਐੱਸ. ਨਾਰਾ, ਮੈਂਬਰ ਪਾਵਰ ਸਰਦਾਰ ਇੰਦਰਜੀਤ ਸਿੰਘ ਬਾਜਵਾ, ਮੁੱਖ ਇੰਜੀਨੀਅਰ ਭਾਖੜਾ ਡੈਮ ਇੰਜੀਨੀਅਰ ਸੀ.ਪੀ. ਸਿੰਘ, ਵਿਸ਼ੇਸ਼ ਸਕੱਤਰ ਅਜੈ ਕੁਮਾਰ ਸ਼ਰਮਾ, ਡਿਪਟੀ ਸਕੱਤਰ ਰਾਜੇਸ਼ ਵਿਸ਼ਿਸ਼ਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਯੂਨੀਅਨ ਵੱਲੋਂ ਪ੍ਰਧਾਨ ਸਤਨਾਮ ਸਿੰਘ ਲਾਦੀ, ਨਵੀਨ ਚੰਦਰ ਸ਼ਰਮਾ, ਹਰਪਾਲ ਰਾਣਾ, ਤਿਲਕ ਰਾਜ ਬਾਲੀ, ਵਿਨੋਦ ਰਾਣਾ, ਸੰਜੀਵ ਸ਼ਰਮਾ, ਪਰਮਜੀਤ ਰਾਣਾ, ਰਣਵੀਰ ਪਟਿਆਲ, ਮਨੋਜ ਵਰਮਾ, ਸੋਹਨ ਲਾਲ, ਦੇਵੇਂਦਰ ਗਾਂਧੀ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।