- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
63 ਸਾਲ ਦਾ ਹੋਇਆ ਆਧੁਨਿਕ ਭਾਰਤ ਦਾ ਨਵੀਨ ਮੰਦਿਰ ਭਾਖੜਾ ਡੈਮ

1963 ’ਚ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰਾਸ਼ਟਰ ਨੂੰ ਕੀਤਾ ਗਿਆ ਸੀ ਸਮਰਪਿਤ
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਦੇਸ਼ ਦੀ ਹਰੀ ਅਤੇ ਉਦਯੋਗਿਕ ਕ੍ਰਾਂਤੀ ’ਚ ਅਹਿਮ ਯੋਗਦਾਨ ਪਾਉਣ ਵਾਲਾ ਅਤੇ ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਭਾਖੜਾ ਡੈਮ ਅੱਜ 22 ਅਕਤੂਬਰ 2026 ਨੂੰ 63 ਸਾਲ ਦਾ ਹੋ ਗਿਆ ਹੈ। ਏਸ਼ੀਆ ਦਾ ਸਭ ਤੋਂ ਉੱਚਾ ਕਿਹਾ ਜਾਣ ਵਾਲਾ ਭਾਖੜਾ ਡੈਮ , 22 ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਭਾਖੜਾ ਨੰਗਲ ਡੈਮ ਉੱਤਰੀ ਭਾਰਤ ’ਚ ਹਿਮਾਚਲ ਪ੍ਰਦੇਸ ਦੇ ਬਿਲਾਸਪੁਰ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਭਾਖੜਾ ਵਿਖੇ ਸਤਲੁਜ ਦਰਿਆ ਉੱਤੇ ਬਣਿਆਂ ਇੱਕ ਕੰਕਰੀਟ ਗਰੈਵਿਟੀ ਡੈਮ ਹੈ।
ਇਸਦੀ ਉਚਾਈ 226 ਮੀਟਰ ਹੈ। ਡੈਮ ਦੀ ਲੰਬਾਈ (ਉਪਰ ਸੜਕ ਤੋਂ ਮਾਪੀ ਗਈ) 518.25 ਮੀਟਰ ਅਤੇ ਚੌੜਾਈ 9.1 ਮੀਟਰ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਝੀਲ ਜਿਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ‘ਗੋਬਿੰਦ ਸਾਗਰ’ ਝੀਲ ਵਜੋਂ ਜਾਣਿਆ ਜਾਂਦਾ ਹੈ, ਇਸ ’ਚ 9.34 ਬਿਲੀਅਨ ਕਿਊਬਿਕ ਮੀਟਰ ਪਾਣੀ ਦਾ ਭੰਡਾਰ ਹੈ। 90 ਕਿਲੋਮੀਟਰ ਲੰਬਾ ਜਲ ਭੰਡਾਰ 168.35 ਕਿਲੋਮੀਟਰ 2 ਦੇ ਖੇਤਰ ’ਚ ਫੈਲਿਆ ਹੋਇਆ ਹੈ। ਬਿਲਾਸ ਪੁਰ ਜ਼ਿਲ੍ਹੇ(ਹਿਮਾਚਲ ਪ੍ਰਦੇਸ਼) ਦੇ ਪਿੰਡ ਭਾਖੜਾ ਕੋਲ ਦੋ ਤੰਗ ਪਹਾੜਾਂ ਵਿਚਕਾਰ ਬਣੇ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਰਸਮੀ ਤੌਰ ’ਤੇ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ,ਅਸਲ ’ਚ ਇਸ ਬਹੁ ਮੰਤਵੀ ਪ੍ਰੋਜੈਕਟ ਬਣਾਉਣ ਦਾ ਵਿਚਾਰ ਸਰ ਲੁਈਸ ਡੈਨੇ ਵਲੋਂ 1908 ’ਚ ਦੇ ਦਿੱਤਾ ਗਿਆ ਸੀ। 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।
ਦੇਸ਼ ਦੀ ਉਦਯੋਗਿਕ ਕ੍ਰਾਂਤੀ ’ਚ ਅਹਿਮ ਰੋਲ
ਭਾਖੜਾ ਡੈਮ ਦੀ ਉਸਾਰੀ ’ਚ ਅੰਗਰੇਜ਼ਾ ਵਲੋਂ ਕਾਫੀ ਦਿਲਚਸਪੀ ਲਈ ਗਈ ਸੀ। ਬੇਸ਼ਕ ਭਾਖੜਾ ਡੈਮ ਪ੍ਰੋਜੈਕਟ ਮੁੱਖ ਰੂਪ ’ਚ ਸਿੰਚਾਈ ਪ੍ਰੋਜੈਕਟ ਹੀ ਸੀ, ਪਰ ਬਾਅਦ ’ਚ ਇਸ ਡੈਮ ’ਤੇ ਬਿਜਲੀ ਤਿਆਰ ਕਰਨ ਦੀ ਯੋਜਨਾ ਬਣਾਈ ਗਈ। ਭਾਖੜਾ ਡੈਮ ਨੇ ਅੱਜ ਜਿਥੇ ਬਿਜਲੀ ਦੀ ਪੈਦਾਵਾਰ ਨਾਲ ਜਿਥੇ ਇਸ ਡੈਮ ਨੇ ਦੇਸ਼ ਦੀ ਉਦਯੋਗਿਕ ਕ੍ਰਾਂਤੀ ’ਚ ਅਹਿਮ ਰੋਲ ਅਦਾ ਕੀਤਾ ਹੈ ,ਉਥੇ ਦੇਸ ਦੇ ਤਿੰਨ ਸੂਬਿਆ,ਪੰਜਾਬ ,ਹਰਿਆਣਾ ਅਤੇ ਰਾਜਸਥਾਨ ਦੀ ਕਰੀਬ 65 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਕੇ ਹਰੀ ਕ੍ਰਾਂਤੀ ’ਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।
ਭਾਖੜਾ ਡੈਮ ਦੇ ਪਿਛੇ ਬਣੀ 96.56 ਕਿਲੋ ਮੀਟਰ ਲੰਬੀ ਅਤੇ 168.35 ਵਰਗ ਕਿਲੋਮੀਟਰ ( 65 ਵਰਗ ਮੀਲ) ’ਚ ਫੈਲੀ ਗੋਬਿੰਦ ਸਾਗਰ ਝੀਲ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਪਰ ਰੱਖਿਆ ਗਿਆ ਹੈ। ਇਸ ਝੀਲ ’ਚ 9621 ਮਿਲੀਅਨ ਘਣ ਮੀਟਰ ਪਾਣੀ ਸਮਾ ਸਕਦਾ ਹੈ। ਚੀਫ ਕੰਸਲਟੈਂਟ ਐੱਮਐੱਚ ਸਲੋਕਮ ਦੀ ਅਗਵਾਈ ਹੇਠ ਬਣੀ ਇਸ ਰਾਸ਼ਟਰੀ ਧਰੋਹਰ ਨੂੰ ਬਣਾਉਣ ਲਈ 13 ਹਜ਼ਾਰ ਮਜ਼ਦੂਰਾ, 300 ਇੰਜੀਨੀਅਰਾਂ ਅਤੇ 30 ਵਿਦੇਸ਼ੀ ਮਾਹਰਾਂ ਨੇ ਦਿਨ-ਰਾਤ ਕੰਮ ਕਰਕੇ, ਇਸ ਪ੍ਰੋਜੈਕਟ ਨੂੰ 15 ਸਾਲਾ ’ਚ ਪੂਰਾ ਕੀਤਾ। ਇਸ ਡੈਮ ਨੂੰ ਬਣਾਉਣ ਲਈ ਸੈਂਕੜੇ ਵਿਆਕਤੀਆਂ ਵਲੋਂ ਆਪਣੇ ਜਾਨ ਦੀ ਅਹੂਤੀ ਦਿੱਤੀ ਗਈ।
ਵਿਲੱਖਣਾ ਕਾਰਨ ਸੈਲਾਨੀਆਂ ਲਈ ਸੈਰ-ਸਪਾਟਾ ਸਥਾਨ
ਭਾਖੜਾ ਡੈਮ ਵਿਖੇ ਬਣਾਏ ਦੋ ਬਿਜਲੀ ਘਰਾਂ ਨੂੰ ਰਾਈਟ ਅਤੇ ਲੈਫਟ ਪਾਵਰ ਬੈਂਕ ਦੇ ਨਾਮ ਨਾਲ ਜਾਣਿਆ ਜਾਦਾ ਹੈ। ਲੈਫਟ ਪਾਵਰ ਹਾਉੂਸ ’ਚ ਜਪਾਨ, ਫਰਾਂਸ ਅਤੇ ਇੰਗਲੈਂਡ ਦੀ ਬਣੀ ਮਸ਼ੀਨਰੀ ਲਗਾਈ ਗਈ ਹੈ ਅਤੇ ਰਾਈਟ ਬੈਂਕ ’ਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਪਾਵਰ ਹਾਊਸਾਂ ਨੂੰ ਪੀਪੀ-1 ਅਤੇ ਪੀਪੀ-2 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਖੜਾ ਡੈਮ ਆਪਣੀ ਵਿਲੱਖਣਤਾ ਕਾਰਨ ਸੈਲਾਨੀਆਂ ਲਈ ਇੱਕ ਸੈਰ-ਸਪਾਟਾ ਸਥਾਨ ਵੀ ਬਣ ਗਿਆ ਹੈ, ਜਿਥੇ ਹਰ ਸਾਲ ਹਜ਼ਾਰਾ ਸੈਲਾਨੀ ਭਾਖੜਾ ਡੈਮ ਵੇਖਣ ਲਈ ਆਉਦੇ ਹਨ। ਇਸ ਪ੍ਰਜੈਕਟ ਦਾ ਪ੍ਰਬੰਧ, ਭਾਖੜਾ ਬਿਆਸ ਮਨੇਜਮੈਂਟ ਬੋਰਡ ਵਲੋਂ ਕੀਤਾ ਜਾ ਰਿਹਾ ਹੈ।