ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਭਲਕੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ 24 ਅਕਤੂਬਰ ਤੋਂ
Publish Date: Thu, 22 Oct 2026 03:59 PM (IST)
Updated Date: Thu, 22 Oct 2026 04:00 PM (IST)
24 ਨੂੰ ਸਜਾਈ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ 26 ਨੂੰ ਹੋਵੇਗਾ ਜਾਗਰਣ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਪਿੰਡ ਕਲਿਆਣਪੁਰ ਦੀ ਵਾਲਮੀਕਿ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਭਾ ਦੇ ਮੈਂਬਰਾਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। 24 ਤੋਂ 26 ਅਕਤੂਬਰ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਸਭਾ ਦੇ ਮੈਂਬਰਾਂ ਨੇ ਦੱਸਿਆ ਕਿ 24 ਅਕਤੂਬਰ, ਸ਼ਨੀਵਾਰ ਨੂੰ ਦੁਪਹਿਰ 3 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਹ ਸ਼ੋਭਾ ਯਾਤਰਾ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਮੰਦਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਨਵੇਂ ਬੱਸ ਅੱਡੇ ਅਤੇ ਪੁਰਾਣੇ ਬੱਸ ਅੱਡੇ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੇਗੀ, ਜਿੱਥੇ ਸ਼ੋਭਾ ਯਾਤਰਾ ਦੀ ਸਮਾਪਤੀ ਹੋਵੇਗੀ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਵਾਲਮੀਕਿ ਜੀ ਨੂੰ ਸਮਰਪਿਤ ਵੱਖ-ਵੱਖ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ। ਇਸ ਦੇ ਨਾਲ ਹੀ ਬੈਂਡ-ਵਾਜਿਆਂ ਦੀਆਂ ਧੁਨਾਂ ਦਰਮਿਆਨ ਮਹਾਰਾਜ ਜੀ ਦੀ ਸੁੰਦਰ ਪਾਲਕੀ ਸਜਾਈ ਜਾਵੇਗੀ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣੇਗੀ। ਸਭਾ ਦੇ ਮੈਂਬਰਾਂ ਨੇ ਦੱਸਿਆ ਕਿ 25 ਅਕਤੂਬਰ ਨੂੰ ਸ੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕੀਤੇ ਜਾਣਗੇ। ਇਸ ਉਪਰੰਤ 26 ਅਕਤੂਬਰ ਨੂੰ ਸ਼ਰਧਾ ਅਤੇ ਭਾਵਨਾ ਨਾਲ ਪਾਠ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਸੰਗਤ ਲਈ ਲੰਗਰ ਅਤੇ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸੇ ਦਿਨ ਦੇਰ ਸ਼ਾਮ ਧਾਰਮਿਕ ਜਾਗਰਣ ਕਰਵਾਇਆ ਜਾਵੇਗਾ, ਜਿਸ ’ਚ ਉੱਚ ਕੋਟੀ ਦੇ ਕਲਾਕਾਰ ਸਰਵਣ ਫਰਜ਼ੀ, ਸ੍ਰੀਦਾਸ ਰੋਪੜ ਅਤੇ ਵਿਸ਼ਾਲ ਆਦਿ ਪਹੁੰਚ ਕੇ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ। ਧਾਰਮਿਕ ਸਮਾਗਮਾਂ ਨੂੰ ਲੈ ਕੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਮੰਦਰ ਨੂੰ ਸੁੰਦਰ ਫੁੱਲਾਂ ਅਤੇ ਕਲੀਆਂ ਨਾਲ ਸਜਾਇਆ ਜਾਵੇਗਾ। ਇਸ ਦੇ ਨਾਲ ਹੀ ਰੰਗ-ਬਿਰੰਗੀਆਂ ਲਾਈਟਾਂ ਨਾਲ ਮੰਦਰ ਦੀ ਸ਼ੋਭਾ ਨੂੰ ਹੋਰ ਵਧਾਇਆ ਜਾਵੇਗਾ। ਤਿੰਨ ਰੋਜ਼ਾ ਸਮਾਗਮਾਂ ਨੂੰ ਲੈ ਕੇ ਸੰਗਤ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਅੰਤ ’ਚ ਵਾਲਮੀਕਿ ਸਭਾ ਦੇ ਮੈਂਬਰਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਧਾਰਮਿਕ ਸਮਾਗਮਾਂ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।