ਅਨੰਦਪੁਰ ਸਾਹਿਬ ’ਚ ਭਾਜਪਾ ਦੀ ਚੜ੍ਹਤ ਕਾਰਨ ਟਿਕਟ ਦੇ ਦਾਅਵੇਦਾਰ ਵਧੇ : ਡਾ. ਸੁਭਾਸ਼ ਸ਼ਰਮਾ ਅਨੰਦਪੁਰ ਸਾਹਿਬ ’ਚ ਭਾਜਪਾ ਦੀ ਚੜ੍ਹਤ ਕਾਰਨ ਟਿਕਟ ਦੇ ਦਾਅਵੇਦਾਰ ਵਧੇ: ਡਾ. ਸੁਭਾਸ਼ ਸ਼ਰਮਾ
Publish Date: Wed, 21 Oct 2026 05:54 PM (IST)
Updated Date: Wed, 21 Oct 2026 05:55 PM (IST)
ਗੁਰੂ ਸਾਹਿਬ ਦੇ ਹੁਕਮ ਨਾਲ ਕਰ ਰਿਹਾ ਇਲਾਕੇ ਦੀ ਸੇਵਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ,ਸ੍ਰੀ ਅਨੰਦਪੁਰ ਸਾਹਿਬ: ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਭਾਜਪਾ ਦੀ ਵਧਦੀ ਤਾਕਤ ਕਾਰਨ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਅਨੁਸ਼ਾਸਨਬੱਧ ਪਾਰਟੀ ਹੈ ਅਤੇ ਉਮੀਦਵਾਰ ਦੀ ਚੋਣ ਸਬੰਧੀ ਅੰਤਿਮ ਫ਼ੈਸਲਾ ਪਾਰਟੀ ਦੀ ਹਾਈਕਮਾਨ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਜਪਾ ਦੇ ਕਈ ਅਹੁਦੇਦਾਰਾਂ ਵੱਲੋਂ ਮੀਡੀਆ ’ਚ ਆ ਕੇ ਹਲਕੇ ਤੋਂ ਟਿਕਟ ਲਈ ਆਪਣੀ ਦਾਅਵੇਦਾਰੀ ਠੋਕੀ ਜਾ ਚੁੱਕੀ ਹੈ। ਇਸਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਸ਼ਰਮਾ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪੀੜਤ ਪਰਿਵਾਰ ਦੀ ਮੰਗ ਅਨੁਸਾਰ ਸੀਬੀਆਈ ਜਾਂਚ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਨਸ਼ਾ ਮਾਫ਼ੀਆ ਵਿਰੁੱਧ ਲੜਦਿਆਂ ਜਾਨਾਂ ਗੁਆਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਦੁੱਖ ਵੰਡਾਇਆ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਦਸੰਬਰ 2029 ਤੱਕ ਸੂਬੇ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਿਆਸੀ ਲਾਹੇ ਲਈ ਵਰਤਣ ਦੇ ਦੋਸ਼ ਵੀ ਲਾਏ। ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਵਧੇਰੇ ਆਗੂਆਂ ਵੱਲੋਂ ਟਿਕਟ ਦੀ ਮੰਗ ਕਰਨਾ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਦਾ ਸੰਕੇਤ ਹੈ। ਆਪਣੇ ਆਪ ਨੂੰ ਹਲਕੇ ਨਾਲ ਡੂੰਘਾ ਸਬੰਧ ਰੱਖਣ ਵਾਲਾ ਆਗੂ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨਮ ਗੁਰੂ ਕੀ ਵਡਾਲੀ ਵਿਖੇ ਹੋਇਆ, ਜੋ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਸਥਾਨ ਹੈ, ਜਦਕਿ ਸ੍ਰੀ ਆਨੰਦਪੁਰ ਸਾਹਿਬ ਉਨ੍ਹਾਂ ਦੀ ਕਰਮ ਭੂਮੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮ ਨਾਲ ਹੀ ਇਲਾਕੇ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਇਸ ਵਿਧਾਨ ਸਭਾ ਹਲਕੇ ਵਿੱਚੋਂ ਲਗਭਗ 36 ਹਜ਼ਾਰ ਵੋਟਾਂ ਮਿਲੀਆਂ ਸਨ। ਉਨ੍ਹਾਂ ਮੁਤਾਬਕ ਉਹ ਪਿਛਲੇ ਢਾਈ ਸਾਲਾਂ ਤੋਂ ਇਲਾਕੇ ਦੇ ਮੁੱਦਿਆਂ ਨੂੰ ਲਗਾਤਾਰ ਉਠਾ ਰਹੇ ਹਨ। ਇਨ੍ਹਾਂ ’ਚ ਹੜ੍ਹ ਪੀੜਤਾਂ ਦੀ ਸਹਾਇਤਾ, ਨੰਗਲ ਖੇਤਰ ਨਾਲ ਸਬੰਧਤ ਐੱਨਐੱਫਐੱਲ ਦੇ ਮੁੱਦੇ, ਵੰਦੇ ਭਾਰਤ ਰੇਲਗੱਡੀ ਦੇ ਠਹਿਰਾਅ, ਬੀਬੀਐੱਮਬੀ ਹਸਪਤਾਲ, ਰੇਤ ਮਾਫ਼ੀਆ ਅਤੇ ਚਾਰ-ਮਾਰਗੀ ਸੜਕਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਇਸ ਮੌਕੇ ਉਹਨਾਂ ਨਾਲ ਭਾਜਪਾ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਰਤਨ ਧਨੇੜਾ ਅਤੇ ਅਮਰ ਸੋਡੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।