ਮੰਡੀਆਂ ’ਚ ਸਹੂਲਤਾਂ ਦੀ ਕੋਈ ਘਾਟ ਨਹੀਂ : ਸਚਿਨ ਪਾਠਕ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਗਾਤਾਰ ਜਾਰੀ
Publish Date: Wed, 21 Oct 2026 05:38 PM (IST)
Updated Date: Wed, 21 Oct 2026 05:39 PM (IST)
ਝੋਨੇ ਦੀ ਖਰੀਦ ਲਗਾਤਾਰ ਜਾਰੀ, 13864 ਮੀਟ੍ਰਿਕ ਟਨ ਹੋਈ ਆਮਦ ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਨਾਜ ਮੰਡੀਆਂ ’ਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਨੇ ਰਫਤਾਰ ਫੜ ਲਈ ਹੈ। ਖਰੀਦ ਏਜੰਸੀਆਂ ਵੱਲੋਂ ਵੀ ਬਿਨ੍ਹਾਂ ਰੁਕਾਵਟ ਖਰੀਦ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਨਾਜ ਮੰਡੀਆਂ ’ਚ ਸਾਰੇ ਪ੍ਰਬੰਧ ਸੰਚਾਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ ਵੀ ਮੰਡੀਆ ’ਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਅਧੀਨ ਕੁੱਲ 12 ਅਨਾਜ ਮੰਡੀਆਂ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਡੂਮੇਵਾਲ, ਅਜੋਲੀ, ਕਲਵਾ,ਮਹੈਣ ’ਚ ਪੀਣ ਵਾਲੇ ਪਾਣੀ, ਸਫਾਈ , ਰੋਸ਼ਨੀ ਆਦਿ ਦੀ ਵਿਵਸਥਾ ਕੀਤੀ ਹੋਈ ਹੈ। ਰੋਜ਼ਾਨਾ ਅਨਾਜ ਮੰਡੀਆਂ ’ਚ ਝੋਨੇ ਦੀ ਖਰੀਦ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਮੰਡੀਆਂ ’ਚ ਸਹੂਲਤਾਂ ਦੀ ਕੋਈ ਘਾਟ ਨਹੀਂ ਹੈ। ਲਿਫਟਿੰਗ ਅਤੇ ਹੋਰ ਪ੍ਰਬੰਧ ਨਾਲੋ ਨਾਲ ਕੀਤੇ ਹੋਏ ਹਨ। ਐਸ.ਡੀ.ਐਮ ਨੇ ਹੋਰ ਦੱਸਿਆ ਕਿ ਹੁਣ ਤੱਕ 12 ਅਨਾਜ ਮੰਡੀਆਂ ’ਚ ਕੁੱਲ 13864 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਤੇ 13864 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।