ਔਲਖਾਂ ਵਿਖੇ ਸ਼ਰਧਾ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਸ਼੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਵਿਜਯਦਸ਼ਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
Publish Date: Wed, 21 Oct 2026 05:12 PM (IST)
Updated Date: Wed, 21 Oct 2026 05:15 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸ਼੍ਰੀ ਸੀਤਾ ਰਾਮ ਮੰਦਰ ਔਲਖਾਂ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਵੱਡੇ ਮਹਾਰਾਜ ਸਤਿਗੁਰੂ ਸ਼੍ਰੀ ਫਕੀਰ ਚੰਦ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਾਲਾਨਾ ਸਤਸੰਗ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸਤਿਗੁਰੂ ਠਾਕੁਰ ਲਾਲ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਹੋਈ। ਇਸ ਉਪਰੰਤ ਬੜਾ ਮੰਦਰ ਔਲਖਾਂ ਤੋਂ ਪਹੁੰਚੇ ਸਤਿਕਾਰਯੋਗ ਚੰਦਰ ਵੀਰ ਨੇ ਸ਼੍ਰੀ ਰਾਮਚਰਿਤ ਮਾਨਸ ਵਿੱਚੋਂ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਧਾਰਮਿਕ ਅਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੋੜਿਆ। ਉਨ੍ਹਾਂ ਪ੍ਰਭੂ ਭਗਤੀ, ਸੱਚਾਈ, ਨੇਕੀ ਅਤੇ ਮਨੁੱਖਤਾ ਦੀ ਸੇਵਾ ਨੂੰ ਜੀਵਨ ਦਾ ਅਹਿਮ ਆਧਾਰ ਦੱਸਿਆ। ਇਸ ਮੌਕੇ ਮੰਦਰ ਦੇ ਗੱਦੀਨਸ਼ੀਨ ਹਰਪ੍ਰੀਤ ਸਿੰਘ ਸੇਠੀ ਨੇ ਸੰਗਤਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਤਿਗੁਰੂ ਮਹਾਰਾਜ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਮਨੁੱਖ ਆਪਣੇ ਜੀਵਨ ’ਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਲਿਆ ਸਕਦਾ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਉਪਦੇਸ਼ਾਂ ਨੂੰ ਜੀਵਨ ’ਚ ਅਪਣਾਉਣ ਅਤੇ ਸੇਵਾ ’ਤੇ ਸਿਮਰਨ ਦੀ ਭਾਵਨਾ ਨਾਲ ਵਿਚਰਨ ਲਈ ਪ੍ਰੇਰਿਤ ਕੀਤਾ। ਸਤਿਸੰਗ ਦੌਰਾਨ ਭਗਤਾਂ ਨੇ ਭਜਨਾਂ ਅਤੇ ਕੀਰਤਨ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਦੀ ਸੇਵਾ ਚੌਧਰੀ ਮੋਹਨ ਲਾਲ ਮਨਕੋਲੀ ਵੱਲੋਂ ਕੀਤੀ ਗਈ। ਇਸ ਮੌਕੇ ਰਾਮ ਦਾਸ ਸਸਕੋਰ, ਚੌਧਰੀ ਨਰੇਸ਼ ਬਲਾਚੌਰ, ਚੌਧਰੀ ਦੌਲਤ ਰਾਮ, ਗੁਰਦੇਵ ਲੁਧਿਆਣਾ, ਡਾ. ਹਰਜਿੰਦਰ ਸਰਥਲੀ, ਠੇਕੇਦਾਰ ਕੁਲਵੀਰ ਅਸਮਾਨਪੁਰ, ਮਦਨ ਲਾਲ ਐੱਸ.ਡੀ.ਓ. ਬਿਜਲੀ ਬੋਰਡ ਕੁਰਾਲੀ, ਡਾ. ਭਗਤ ਰਾਮ ਬੈਂਸ, ਰਾਮ ਦਾਸ ਬੋਧਨੀ (ਹਰਿਆਣਾ), ਦਿਆਲ ਔਲਖ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।