ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ’ਚ ਬੱਚਿਆਂ ਨੇ ਦੇਸੀ ਢੰਗ ਨਾਲ ਬਣਾਏ ਰਾਵਣ ਦੇ ਪੁਤਲੇ ਸਾੜੇ ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ’ਚ ਬੱਚਿਆਂ ਨੇ ਦੇਸੀ ਢੰਗ ਨਾਲ ਬਣਾਏ ਰਾਵਣ ਦੇ ਪੁਤਲੇ ਸਾੜੇ
Publish Date: Wed, 21 Oct 2026 05:05 PM (IST)
Updated Date: Wed, 21 Oct 2026 05:06 PM (IST)
ਦੁਸਹਿਰੇ ਦੇ ਤਿਉਹਾਰ ਨੂੰ ਬਣਾਇਆ ਯਾਦਗਾਰੀ, ਬੁਰਾਈ ’ਤੇ ਨੇਕੀ ਦੀ ਜਿੱਤ ਦਾ ਦਿੱਤਾ ਸੰਦੇਸ਼ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਨੂਰਪੁਰਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਪਣੇ ਪੱਧਰ ’ਤੇ ਦੇਸੀ ਤਰੀਕਿਆਂ ਨਾਲ ਰਾਵਣ ਦੇ ਪੁਤਲੇ ਤਿਆਰ ਕਰਕੇ ਸਾੜੇ। ਬੱਚਿਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਗਏ ਇਨ੍ਹਾਂ ਪੁਤਲਿਆਂ ਨੇ ਤਿਉਹਾਰ ਦੀਆਂ ਖੁਸ਼ੀਆਂ ’ਚ ਰੰਗ ਭਰ ਦਿੱਤੇ। ਪਿੰਡਾਂ ਦੀਆਂ ਗਲੀਆਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਬੱਚਿਆਂ ਦੀ ਚਹਿਲ-ਪਹਿਲ ਨੇ ਦੁਸਹਿਰੇ ਦੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ। ਇਨ੍ਹਾਂ ਨੰਨੇ-ਮੁੰਨੇ ਬੱਚਿਆਂ ਨੇ ਬਿਨ੍ਹਾਂ ਕਿਸੇ ਵੱਡੇ ਪ੍ਰਬੰਧ ਜਾਂ ਦਿਖਾਵੇ ਦੇ ਆਪਣੀ ਸੂਝ-ਬੂਝ ਅਤੇ ਸਿਰਜਣਾਤਮਕ ਸੋਚ ਨਾਲ ਰਾਵਣ ਦੇ ਪੁਤਲੇ ਬਣਾਏ। ਕਿਤੇ ਕਾਗਜ਼ ਅਤੇ ਹੋਰ ਉਪਲਬਧ ਸਮੱਗਰੀ ਦੀ ਮਦਦ ਨਾਲ ਪੁਤਲੇ ਤਿਆਰ ਕੀਤੇ ਗਏ, ਤਾਂ ਕਿਤੇ ਬੱਚਿਆਂ ਨੇ ਆਪਣੀ ਕਲਪਨਾ ਅਨੁਸਾਰ ਉਨ੍ਹਾਂ ਨੂੰ ਵੱਖਰਾ ਰੂਪ ਦਿੱਤਾ। ਪੁਤਲਿਆਂ ਨੂੰ ਸਾੜਨ ਸਮੇਂ ਬੱਚਿਆਂ ਦੇ ਚਿਹਰਿਆਂ ’ਤੇ ਦਿਖਾਈ ਦੇਣ ਵਾਲੀ ਖੁਸ਼ੀ ਅਤੇ ਉਤਸ਼ਾਹ ਨੇ ਤਿਉਹਾਰ ਦੀ ਸਾਦਗੀ ਭਰੀ ਖ਼ੂਬਸੂਰਤੀ ਨੂੰ ਬਿਆਨ ਕੀਤਾ। ਇਸ ਮੌਕੇ ਤੁਸ਼ਾਰ, ਗਿਰੀਸ਼ਾ, ਬਿਨਾਇਕ, ਸ਼ਿਵਾਨਿਆ, ਆਦਵਿਕ, ਨਿਤਿਆ, ਸ਼ਿਵਾਂਸ਼ੀ, ਸਮਰਿਧੀ, ਯੁਵਰਾਜ, ਗੁਰਤਾਜ ਸਿੰਘ, ਰਮਨੂੰ, ਤੰਨੂ , ਅੱਬੂ ਅਤੇ ਅੰਸ਼ ਸਮੇਤ ਹੋਰ ਨੰਨੇ-ਮੁੰਨੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦਾ ਸੁੰਦਰ ਮਾਧਿਅਮ ਹਨ। ਜਦੋਂ ਬੱਚੇ ਖ਼ੁਦ ਅਜਿਹੇ ਤਿਉਹਾਰਾਂ ’ਚ ਹਿੱਸਾ ਲੈਂਦੇ ਹਨ, ਤਾਂ ਉਹ ਆਪਣੀ ਵਿਰਾਸਤ ਨੂੰ ਸਿਰਫ਼ ਦੇਖਦੇ ਹੀ ਨਹੀਂ, ਸਗੋਂ ਉਸ ਦੇ ਅਰਥਾਂ ਨੂੰ ਸਮਝਣ ਵੱਲ ਵੀ ਕਦਮ ਵਧਾਉਂਦੇ ਹਨ। ਦੁਸਹਿਰੇ ਦਾ ਤਿਉਹਾਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਹੰਕਾਰ, ਅਨਿਆਂ ਅਤੇ ਬੁਰਾਈ ਦਾ ਅੰਤ ਨਿਸ਼ਚਿਤ ਹੈ, ਜਦਕਿ ਸੱਚਾਈ ਅਤੇ ਨੇਕੀ ਦਾ ਮਾਰਗ ਹਮੇਸ਼ਾ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ। ਬੱਚਿਆਂ ਵੱਲੋਂ ਆਪਣੇ ਪੱਧਰ ’ਤੇ ਕੀਤੇ ਗਏ ਇਹ ਉਪਰਾਲੇ ਇਸ ਸੰਦੇਸ਼ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਇੱਕ ਸਾਦਗੀ ਭਰੀ ਅਤੇ ਪ੍ਰਭਾਵਸ਼ਾਲੀ ਕੋਸ਼ਿਸ਼ ਬਣੇ।