ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ ਮੰਗਾਂ ਨਾ ਮੰਨਣ ’ਤੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Publish Date: Wed, 21 Oct 2026 04:22 PM (IST)
Updated Date: Wed, 21 Oct 2026 04:24 PM (IST)
ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਨੂਰਪੁਰਬੇਦੀ ਤੇ ਤਖਤਗੜ੍ਹ ਵਿਖੇ ਕੀਤੀ ਰੋਹ ਭਰਪੂਰ ਗੇਟ ਰੈਲੀ ਪੁਰਾਣੀ ਪੈਨਸ਼ਨ ਬਹਾਲ ਕਰਨ, 10 ਫੀਸਦੀ ਡੀ.ਏ. ਦਾ ਬਕਾਇਆ ਦੇਣ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਉਠਾਈ ਮੰਗ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ’ਤੇ ਜਾਇਜ਼ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਵਿਰੋਧ ’ਚ ਬਿਜਲੀ ਕਾਮਿਆਂ ਨੇ ਸੰਘਰਸ਼ ਤੇਜ਼ ਕਰਦਿਆਂ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਲਈ ਹੈ। ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਸਬ-ਡਵੀਜ਼ਨ ਨੂਰਪੁਰਬੇਦੀ ਤੇ ਸਬ-ਆਫਿਸ ਤਖਤਗੜ੍ਹ ਵਿਖੇ ਸਾਂਝੀ ਰੋਹ ਭਰਪੂਰ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਟਾਲਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ 15 ਜਨਵਰੀ 2015 ਅਤੇ 17 ਜੁਲਾਈ 2020 ਨੂੰ ਜਾਰੀ ਕੀਤੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਤੋਂ ਇਲਾਵਾ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਾ ਫਾਰਮੂਲਾ ਲਾਗੂ ਕਰਨ, ਪਾਵਰਕੌਮ ’ਚ ਆਰ.ਟੀ.ਐਮ. ਤੋਂ ਪ੍ਰਮੋਟ ਹੋਏ ਕਾਮਿਆਂ ਨੂੰ 35,400 ਰੁਪਏ ਦਾ ਤਨਖ਼ਾਹ ਸਕੇਲ ਦੇਣ ਅਤੇ ਬਕਾਇਆ ਰਹਿੰਦਾ 10 ਫੀਸਦੀ ਮਹਿੰਗਾਈ ਭੱਤਾ ਏਰੀਅਰ ਸਮੇਤ ਜਾਰੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗਾਂ ਅਧੀਨ ਲਿਆ ਕੇ ਰੈਗੂਲਰ ਕੀਤਾ ਜਾਵੇ, ਪੈਨਸ਼ਨਰਾਂ ਲਈ 2.59 ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇ ਅਤੇ ਕੰਮ ਦੇ ਘੰਟੇ ਅੱਠ ਤੋਂ ਵਧਾ ਕੇ 12 ਕਰਨ ਸਬੰਧੀ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਨਵੇਂ ਬਣਾਏ ਗਏ ਚਾਰ ਲੇਬਰ ਕੋਡ ਰੱਦ ਕਰਕੇ ਪਹਿਲਾਂ ਵਾਲੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਣ ਦੀ ਮੰਗ ਵੀ ਉਠਾਈ ਗਈ। ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ’ਚ ਪੰਜਾਬ ਭਰ ਦੇ ਮੁਲਾਜ਼ਮ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਗੇਟ ਰੈਲੀ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਰੈਲੀ ਨੂੰ ਸਰਕਲ ਕੈਸ਼ੀਅਰ ਰਾਮਕਿਸ਼ਨ ਬੈਂਸ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਗੁਰਚੰਨ ਸਿੰਘ, ਬਲਵੀਰ ਸਿੰਘ, ਜੇ.ਈ. ਜਸਵੀਰ ਸਿੰਘ ਅਤੇ ਜੇ.ਈ. ਜਗਦੀਪ ਕੁਮਾਰ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।